ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 20 ਸਤੰਬਰ
ਸਥਾਨਕ ਬਲਾਕ ਅਧੀਨ ਪੈਂਦੇ ਪਿੰਡ ਲੱਖੋਵਾਲ ਕਲਾਂ ਵਿੱਚ 2013 ਤੋਂ ਲੈ ਕੇ 2018 ਤੱਕ ਕਰਵਾਏ ਗਏ ਵਿਕਾਸ ਕਾਰਜ਼ਾਂ ’ਚ ਲੱਖਾਂ ਰੁਪਏ ਦੀ ਘਪਲੇਬਾਜ਼ੀ ਸਾਹਮਣੇ ਆਈ ਹੈ ਅਤੇ ਸ਼ਿਕਾਇਤਕਰਤਾ ਹਰਵਿੰਦਰ ਪਾਲ ਸਿੰਘ ਦੀ ਸ਼ਿਕਾਇਤ ਦੀ ਜਾਂਚ ਕਰਦਿਆਂ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਸਾਬਕਾ ਸਰਪੰਚ ਪਾਸੋਂ 55 ਲੱਖ ਰੁਪਏ ਵਸੂਲਣਯੋਗ ਦਰਸਾਏ ਗਏ ਹਨ। ਅੱਜ ਸ਼ਿਕਾਇਤਕਰਤਾ ਨੇ ਦੱਸਿਆ ਕਿ ਸ਼ਿਕਾਇਤ ਦੀ ਜਾਂਚ ਕਾਰਜਕਾਰੀ ਇੰਜਨੀਅਰ ਪੰਚਾਇਤੀ ਰਾਜ ਲੋਕ ਨਿਰਮਾਣ ਮੰਡਲ, ਰੂਪਨਗਰ ਵਲੋਂ ਕੀਤੀ ਗਈ। ਜਾਂਚ ਦੌਰਾਨ ਇਸ ਰਿਪੋਰਟ ਵਿਚ ਅਧਿਕਾਰੀਆਂ ਨੇ ਲਿਖਿਆ ਕਿ 2013 ਤੋਂ ਲੈ ਕੇ 2018 ਤੱਕ ਉਸ ਸਮੇਂ ਦੀ ਪੰਚਾਇਤ ਨੂੰ 3 ਕਰੋੜ 60 ਲੱਖ ਰੁਪਏ ਦੀ ਆਮਦਨ ਹੋਈ ਸੀ ਜਿਸ ’ਚੋਂ 73 ਲੱਖ ਰੁਪਏ ਦੀ ਰਕਮ ਪੰਚਾਇਤ ਸਮਿਤੀ ਦੇ ਖਾਤੇ ’ਚ ਜਮ੍ਹਾਂ ਕਰਵਾ ਦਿੱਤੀ ਗਈ ਜਦਕਿ ਬਾਕੀ ਰਕਮ 2 ਕਰੋੜ 87 ਲੱਖ ਰੁਪਏ ਵਿਕਾਸ ਕਾਰਜਾਂ ਅਤੇ ਹੋਰ ਫੁੱਟਕਲ ਕੰਮਾਂ ’ਤੇ ਖਰਚੇ ਗਏ। ਜਾਂਚ ਅਨੁਸਾਰ ਪੰਚਾਇਤੀ ਫੰਡ ’ਚੋਂ ਕੀਤੇ ਗਏ ਕੰਮਾਂ ਦਾ ਇੰਦਰਾਜ਼ ਐੱਮਬੀ ਵਿਚ ਦਰਜ ਨਹੀਂ ਹੈ ਅਤੇ ਐਸਟੀਮੈਟ ਅਨੁਸਾਰ ਕੀਤੇ ਗਏ ਸਾਰੇ ਕੰਮਾਂ ਵਿਚ 1 ਕਰੋੜ 66 ਲੱਖ 39 ਹਜ਼ਾਰ 621 ਰੁਪਏ ਖਰਚ ਹੋਏ ਜਦਕਿ ਕੈਸ਼ ਬੁੱਕਾਂ ਅਨੁਸਾਰ 2 ਕਰੋੜ 21 ਲੱਖ 70 ਹਜ਼ਾਰ ਰੁਪਏ ਦਰਸਾਏ ਗਏ ਹਨ। ਇਸ ਤਰ੍ਹਾਂ ਸਾਬਕਾ ਸਰਪੰਚ ਵੱਲ 55 ਲੱਖ 97 ਹਜ਼ਾਰ 440 ਰੁਪਏ ਵਸੂਲਣੇ ਬਣਦੇ ਹਨ। ਅੱਜ ਪਿੰਡ ’ਚ ਇਕੱਤਰ ਹੋਏ ਬਸਪਾ ਹਲਕਾ ਇੰਚਾਰਜ ਦਲਵੀਰ ਸਿੰਘ ਮੰਡਿਆਲਾ, ਉਪ ਪ੍ਰਧਾਨ ਗੁਰਪ੍ਰੀਤ ਸਿੰਘ ਮਾਨ, ਸ਼ਹਿਰੀ ਪ੍ਰਧਾਨ ਪਾਲ ਸਿੰਘ, ਦਲਵੀਰ ਚੰਦ ਮਿੱਠੇਵਾਲ ਨੇ ਕਿਹਾ ਕਿ ਪੰਚਾਇਤ ਵਿਭਾਗ ਇਸ ਰਿਪੋਰਟ ਦੇ ਅਧਾਰ ’ਤੇ ਸਖ਼ਤ ਕਾਰਵਾਈ ਕਰੇ। ਇਸ ਸਬੰਧੀ ਮਾਛੀਵਾੜਾ ਬਲਾਕ ਪੰਚਾਇਤ ਅਫ਼ਸਰ ਰਾਜਵਿੰਦਰ ਕੌਰ ਨੇ ਕਿਹਾ ਕਿ ਅਜੇ ਉਨ੍ਹਾਂ ਕੋਲ ਰਿਪੋਰਟ ਨਹੀਂ ਪਹੁੰਚੀ ਅਤੇ ਜੇ ਪੰਚਾਇਤ ਵਿਭਾਗ ਨੇ ਜਾਂਚ ਦੌਰਾਨ ਸਾਬਕਾ ਸਰਪੰਚ ਤੋਂ ਰਿਕਵਰੀ ਕਰਨ ਦੇ ਨਿਰਦੇਸ਼ ਦਿੱਤੇ ਹਨ ਤਾਂ ਤੁਰੰਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।