ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 20 ਸਤੰਬਰ
ਥਾਣਾ ਸਲੇਮ ਟਾਬਰੀ ਦੀ ਪੁਲੀਸ ਨੇ ਨਕਲੀ ਵੀਜ਼ਾ ਲਾ ਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਛੇ ਜਣਿਆਂ ਖ਼ਿਲਾਫ਼ ਕੇਸ ਦਰਜ ਕਰ ਕੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਨਿਊ ਅਸ਼ੋਕ ਨਗਰ ਸਲੇਮ ਟਾਬਰੀ ਵਾਸੀ ਵਿਕਾਸ ਵਰਮਾ ਨੇ ਦੱਸਿਆ ਕਿ ਉਸਨੇ ਧਰਮਿੰਦਰ ਸਿੰਘ ਨੂੰ ਮਿਲਕੇ ਆਪਣੀ ਭਾਣਜੇ ਪਿਯੂਸ਼ ਰਾਜਪੂਤ ਨੂੰ ਕੈਨੇਡਾ ਭੇਜਣ ਦੀ ਗੱਲ ਕੀਤੀ ਸੀ ਅਤੇ 25 ਹਜ਼ਾਰ ਰੁਪਏ ਉਸਨੂੰ ਪੇਸ਼ਗੀ ਦਿੱਤੇ ਸਨ। ਉਸਦੇ ਹਾਮੀ ਭਰਨ ਤੋਂ ਬਾਅਦ ਉਸਨੇ ਧਰਮਿੰਦਰ ਸਿੰਘ ਨੂੰ 7 ਲੱਖ ਰੁਪਏ ਹੋਰ ਦੇ ਦਿੱਤੇ। ਧਰਮਿੰਦਰ ਸਿੰਘ ਨੇ ਆਪਣੇ ਸਾਥੀਆਂ ਬਲਬੀਰ ਸਿੰਘ, ਗੁਰਵਿੰਦਰ ਸਿੰਘ ਅਤੇ ਰਾਹੁਲ ਮਲਹੋਤਰਾ ਸਮੇਤ 2-3 ਹੋਰ ਵਿਅਕਤੀਆਂ ਨਾਲ ਮਿਲਕੇ ਉਸਨੂੰ ਕੈਨੇਡਾ ਦਾ ਵੀਜ਼ਾ ਲੱਗਿਆ ਪਿਊਸ਼ ਰਾਜਪੂਤ ਦਾ ਪਾਸਪੋਰਟ ਦੇ ਦਿੱਤਾ। ਉਨ੍ਹਾਂ ਸ਼ੱਕ ਪੈਣ ’ਤੇ ਜਦੋਂ ਚੈੱਕ ਕੀਤਾ ਤਾਂ ਵੀਜ਼ਾ ਜਾਅਲੀ ਨਿਕਲਿਆ। ਥਾਣੇਦਾਰ ਰਾਮ ਸਰੂਪ ਨੇ ਦੱਸਿਆ ਕਿ ਪੁਲੀਸ ਵੱਲੋਂ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਨ ਤੋਂ ਬਾਅਦ ਧਰਮਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਦਕਿ ਹੋਰ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।