ਗਗਨਦੀਪ ਅਰੋੜਾ
ਲੁਧਿਆਣਾ, 31 ਮਾਰਚ
ਫਿਰੋਜ਼ਪੁਰ, ਬਠਿੰਡਾ, ਮੋਗਾ, ਜਗਰਾਉਂ, ਮੁੱਲਾਂਪੁਰ ਦਾਖਾ ਤੋਂ ਜਲੰਧਰ ਅਤੇ ਅੰਮ੍ਰਿਤਸਰ ਜਾਣ ਵਾਲੇ ਵਾਹਨ ਚਾਲਕਾਂ ਨੂੰ ਹੁਣ ਲੁਧਿਆਣਾ ਸ਼ਹਿਰ ਦੇ ਅੰਦਰ ਜਾਣ ਦੀ ਲੋੜ ਨਹੀਂ ਪਵੇਗੀ। ਨੈਸ਼ਨਲ ਹਾਈਵੇਅ ਅਥਾਰਿਟੀ ਨੇ ਲੁਧਿਆਣਾ ਦੇ ਵੇਰਕਾ ਮਿਲਕ ਪਲਾਂਟ ਤੋਂ ਬਣਾਇਆ ਗਿਆ ਲਾਡੋਵਾਲ ਬਾਈਪਾਸ ਨੂੰ ਖੋਲ੍ਹ ਦਿੱਤਾ ਹੈ। ਜਲੰਧਰ ਜਾਣ ਵਾਲੇ ਵਾਹਨ ਹੁਣ ਇਸੇ ਬਾਈਪਾਸ ਰਾਹੀਂ ਹੁਣ ਸਿੱਧਾ ਲਾਡੋਵਾਲ ਟੌਲ ਪਲਾਜ਼ੇ ’ਤੇ ਪੁੱਜਣਗੇ। ਦੱਸ ਦਈਏ ਕਿ ਇਸ ਬਾਈਪਾਸ ਦੇ ਖੁੱਲ੍ਹਣ ਨਾਲ ਇੱਕ ਘੰਟੇ ਦਾ ਸਫ਼ਰ ਹੁਣ ਸਿਰਫ਼ 20 ਮਿੰਟ ’ਚ ਤੈਅ ਹੋਵੇਗਾ। ਬਾਈਪਾਸ ਖੁੱਲ੍ਹਣ ਨਾਲ ਸ਼ਹਿਰ ਦੇ ਲੋਕਾਂ ਨੂੰ ਵੀ ਰਾਹਤ ਮਿਲੇਗੀ ਕਿਉਂਕਿ ਜਲੰਧਰ ਵੱਲ ਜਾਣ ਵਾਲੇ ਲੋਕਾਂ ਨੂੰ ਹੁਣ ਸ਼ਹਿਰ ’ਚ ਦਾਖਲ ਹੋਣ ਦੀ ਲੋੜ ਨਹੀਂ ਪਵੇਗੀ।
ਦਰਅਸਲ, ਫਿਰੋਜ਼ਪੁਰ ਰੋਡ ਤੋਂ ਜਲੰਧਰ ਜਾਣ ਵਾਲੇ ਵਾਹਨ ਚਾਲਕਾਂ ਨੂੰ ਹੁਣ ਵੇਰਕਾ ਮਿਲਕ ਪਲਾਂਟ ਤੋਂ ਲਾਡੋਵਾਲ ਤੱਕ ਜਾਣ ਲਈ ਆਰਤੀ ਚੌਕ ਹੁੰਦੇ ਹੋਏ ਭਾਰਤ ਨਗਰ ਚੌਕ, ਜਗਰਾਉਂ ਪੁਲ, ਐਲੀਵੇਟਿਡ ਰੋਡ ਤੋਂ ਜਲੰਧਰ ਬਾਈਪਾਸ ਵੱਲ ਜਾਂਦੇ ਹੋਏ 17 ਕਿਲੋਮੀਟਰ ਦੀ ਦੂਰੀ ਤੈਅ ਨਹੀਂ ਕਰਨੀ ਪਵੇਗੀ। ਇਸ ਰੂਟ ’ਤੇ ਜਲੰਧਰ ਬਾਈਪਾਸ ਤੱਕ 10 ਤੋਂ ਵੱਧ ਟਰੈਫਿਕ ਲਾਈਟਾਂ ਆਉਂਦੀਆਂ ਸਨ, ਇਨ੍ਹਾਂ ਨੂੰ ਪਾਰ ਕਰਨ ’ਚ ਕਰੀਬ 1 ਘੰਟੇ ਦਾ ਸਮਾਂ ਲੱਗ ਜਾਂਦਾ ਹੈ। ਹਰ ਵੇਲੇ ਟਰੈਫਿਕ ਜਾਮ ਰਹਿਣ ਦੇ ਚੱਲਦੇ ਕਈ ਵਾਰ ਤਾਂ ਲੋਕਾਂ ਨੂੰ ਇਸ ਤੋਂ ਵੀ ਜ਼ਿਆਦਾ ਸਮਾਂ ਲੁਧਿਆਣਾ ਪਾਰ ਕਰਨ ’ਚ ਲੱਗ ਜਾਂਦਾ ਹੈ। ਨੈਸ਼ਨਲ ਹਾਈਵੇਅ ਨੇ ਪਿਛਲੇ ਕਈ ਸਾਲਾਂ ਤੋਂ ਲਾਡੋਵਾਲ ਬਾਈਪਾਸ ਤਿਆਰ ਕਰਨਾ ਸ਼ੁਰੂ ਕੀਤਾ ਹੋਇਆ ਸੀ, 390 ਕਰੋੜ ਦੀ ਲਾਗਤ ਵਾਲੇ ਇਸ ਪ੍ਰਾਜੈਕਟ ਦਾ ਸਾਲ 2016 ’ਚ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਨੀਂਹ ਪੱਥਰ ਰੱਖਿਆ ਸੀ। ਇਸ ਯੋਜਨਾ ਨੂੰ ਸਾਲ 2019 ’ਚ ਪੂਰਾ ਕੀਤਾ ਜਾਣਾ ਸੀ ਪਰ ਇਹ ਪ੍ਰਾਜੈਕਟ ਸਾਲ 2021 ’ਚ ਪੂਰਾ ਹੋਇਆ ਹੈ।
ਇਸ ਬਾਈਪਾਸ ਦਾ ਜਿੱਥੇ ਬਾਹਰਲੇ ਜ਼ਿਲ੍ਹਿਆਂ ਤੋਂ ਆਉਣ ਵਾਲੇ ਲੋਕਾਂ ਨੂੰ ਫਾਇਦਾ ਮਿਲੇਗਾ, ਉਥੇ ਹੀ ਇਸਦਾ ਵੱਡਾ ਫਾਇਦਾ ਸ਼ਹਿਰ ਵਾਸੀਆਂ ਨੂੰ ਵੀ ਹੋਵੇਗਾ ਕਿਉਂਕਿ ਇਸ ਵੇਲੇ ਫਿਰੋਜ਼ਪੁਰ ਰੋਡ, ਸਦਨ ਬਾਈਪਾਸ ਤੋਂ ਇਲਾਵਾ ਵੇਰਕਾ ਮਿਲਕ ਪਲਾਂਟ ਦੇ ਆਸਪਾਸ ਰਹਿਣ ਵਾਲੇ ਲੋਕਾਂ ਨੂੰ ਜਲੰਧਰ ਜਾਣ ਲਈ ਕੋਈ ਹੋਰ ਰਸਤਾ ਨਹੀਂ ਮਿਲਦਾ ਸੀ। ਹੁਣ ਇਸ ਰੂਟ ਦੇ ਜ਼ਰੀਏ ਬਾਹਰੋਂ ਆਉਣ ਵਾਲਾ ਟਰੈਫਿਕ ਬਾਹਰੋਂ ਬਾਹਰ ਹੀ ਚਲਾ ਜਾਵੇਗਾ ਤੇ ਸ਼ਹਿਰ ਦੇ ਅੰਦਰ ਵਾਹਨਾਂ ਦੀ ਗਿਣਤੀ ਘਟੇਗੀ ਤੇ ਲੋਕਾਂ ਨੂੰ ਫਾਇਦਾ ਮਿਲੇਗਾ।