ਖੇਤਰੀ ਪ੍ਰਤੀਨਿਧ
ਲੁਧਿਆਣਾ, 7 ਨਵੰਬਰ
ਚੰਡੀਗੜ੍ਹ ਦੇ ਸਰਕਾਰੀ ਕਾਲਜ ਦੇ ਪ੍ਰੋਫੈਸਰ ਡਾ. ਪੰਡਿਤਰਾਓ ਧਰੇਨਵਰ ਨੇ ਅੱਜ ਲੁਧਿਆਣਾ ਦੇ ਬੱਸ ਸਟੈਂਡ ਨੇੜੇ ਲੱਚਰਤਾ, ਨਸ਼ੇ ਅਤੇ ਹਥਿਆਰਾਂ ਨੂੰ ਹੱਲਾਸ਼ੇਰੀ ਦੇਣ ਵਾਲੇ ਗਾਣੇ ਗਾਉਣ ਅਤੇ ਲਿਖਣ ਵਾਲਿਆਂ ਵਿਰੁੱਧ ਰੋਸ ਪ੍ਰਗਟਾਉਂਦਿਆਂ ਸੂਬਾ ਸਰਕਾਰ ਨੂੰ ਸਖਤ ਕਾਨੂੰਨ ਬਣਾਉਣ ਦੀ ਅਪੀਲ ਕੀਤੀ ਹੈ।
ਡਾ. ਰਾਓ ਨੇ ਕਿਹਾ ਕਿ ਉਨ੍ਹਾਂ ਵੱਲੋਂ ਕੀਤੀ ਇੱਕ ਸ਼ਿਕਾਇਤ ’ਤੇ ਐਨੀਮਲ ਵੈਲਫੇਅਰ ਬੋਰਡ ਆਦਿ ਇੰਡੀਆ ਨੇ ਬਾਦਸ਼ਾਹ ਦੇ ਗਾਣੇ ‘ਪਾਣੀ ਪਾਣੀ’ ਦੇ ਨਿਰਮਾਤਾ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਡਾ. ਰਾਓ ਨੇ ਕਿਹਾ ਕਿ ਇਸ ਗਾਣੇ ਦੀ ਐਲਬਮ ਵਿੱਚ ਬਿਨਾਂ ਆਗਿਆਂ ਲਏ ਜਾਨਵਰਾਂ ਦੀ ਵਰਤੋਂ ਕੀਤੀ ਗਈ ਅਤੇ ਔਰਤ ਲਈ ਭੱਦੀ ਸ਼ਬਦਾਵਲੀ ਵੀ ਵਰਤੀ ਗਈ। ਉਨ੍ਹਾਂ ਨੇ ਅਜਿਹਾ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇਸੇ ਤਰ੍ਹਾਂ ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਲੱਚਰਤਾ ਫੈਲਾਉਣ, ਨਸ਼ਿਆਂ ਅਤੇ ਹਥਿਆਰਾਂ ਨੂੰ ਹੱਲਾਸ਼ੇਰੀ ਦੇਣ ਵਾਲੇ ਗਾਣੇ ਗਾਉਣ ਅਤੇ ਲਿਖਣ ਵਾਲਿਆਂ ਵਿਰੁੱਧ ਵੀ ਸਖਤ ਕਾਨੂੰਨ ਬਣਾਏ ਤਾਂ ਕਿ ਦੂਜੇ ਸੂਬੇ ਵੀ ਇਸ ਤੋਂ ਅਗਵਾਈ ਲੈ ਕੇ ਦਿਨੋਂ ਦਿਨ ਵਧ ਰਹੇ ਅਜਿਹੇ ਵਰਤਾਰੇ ਵਿਰੁੱਧ ਅੱਗੇ ਆ ਸਕਣ। ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਲਈ ਡਾ. ਰਾਓ ਅੱਜ ਲੁਧਿਆਣਾ ਦੇ ਬੱਸ ਸਟੈਂਡ ’ਤੇ ਕਈ ਘੰਟੇ ਪ੍ਰਚਾਰ ਕਰਦੇ ਰਹੇ।