ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 30 ਸਤੰਬਰ
ਆਮ ਆਦਮੀ ਪਾਰਟੀ ਦੇ ਆਗੂ ਤੇ ਸਾਬਕਾ ਆਈਪੀਐੱਸ ਅਧਿਕਾਰੀ ਕੁੰਵਰ ਵਿਜੈ ਪ੍ਰਤਾਪ ਸਿੰਘ ਇਤਿਹਾਸਕ ਜਾਮਾ ਮਸਜਿਦ ਪੁੱਜੇ, ਜਿੱਥੇ ਉਨ੍ਹਾਂ ਮਰਹੂਮ ਸ਼ਾਹੀ ਇਮਾਮ ਮੌਲਾਨਾ ਹਬੀਬੁਰ ਰਹਿਮਾਨ ਸਾਨੀ ਲੁਧਿਆਣਵੀ ਦੇ ਅਕਾਲ ਚਲਾਣੇ ’ਤੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ। ਉਨ੍ਹਾਂ ਸ਼ਾਹੀ ਇਮਾਮ ਨਾਲ ਆਪਣੀਆਂ ਯਾਦਾਂ ਸਾਂਝੀਆਂ ਕਰਦੇ ਹੋਏ ਕਿਹਾ ਕਿ ਸ਼ਾਹੀ ਇਮਾਮ ਸਾਹਿਬ ਇੱਕ ਦ੍ਰਿੜ੍ਹ ਸੰਕਲਪ ਅਤੇ ਆਪਸੀ ਭਾਈਚਾਰਕ ਸਾਂਝ ਦੇ ਧਾਰਨੀ ਸਨ ਅਤੇ ਉਨ੍ਹਾਂ ਆਪਣਾ ਸਾਰਾ ਜੀਵਨ ਪੰਜਾਬ ਦੇ ਲੋਕਾਂ ਲਈ ਨਿਛਾਵਰ ਕੀਤਾ। ਉਨ੍ਹਾਂ ਨਾਲ ਜਿੰਨਾ ਪਿਆਰ ਮੁਸਲਮਾਨਾਂ ਦਾ ਸੀ ਉਸ ਤੋਂ ਕਿਤੇ ਵਧ ਦੂਸਰੇ ਧਰਮਾਂ ਦੇ ਲੋਕਾਂ ਨੂੰ ਉਹ ਸਨਮਾਨ ਦਿੰਦੇ ਸਨ।
ਉਨ੍ਹਾਂ ਨਵ-ਨਿਯੁਕਤ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਨੂੰ ਸ਼ੁੱਭਕਾਮਨਾਵਾਂ ਦਿੰਦਿਆਂ ਆਪਣੇ ਪਿਤਾ ਦੇ ਦੱਸੇ ਰਸਤੇ ’ਤੇ ਚੱਲ ਕੇ ਉਨ੍ਹਾਂ ਦੇ ਅਧੂਰੇ ਕੰਮਾਂ ਨੂੰ ਪੂਰਾ ਕਰਨ ਦੀ ਕਾਮਨਾ ਕੀਤੀ। ਇਸ ਮੌਕੇ ਸ਼ਾਹੀ ਇਮਾਮ ਦੇ ਮੁੱਖ ਸਕੱਤਰ ਮੁਹੰਮਦ ਮੁਸਤਕੀਮ ਵੀ ਹਾਜ਼ਰ ਸਨ।