ਖੇਤਰੀ ਪ੍ਰਤੀਨਿਧ
ਲੁਧਿਆਣਾ, 27 ਮਈ
ਸਥਾਨਕ ਕੁੰਦਨਪੁਰੀ ਵਿੱਚ ਪੈਂਦਾ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਪਿਛਲੇ ਲੰਬੇ ਸਮੇਂ ਤੋਂ ਇੱਕ ਧਰਮਸ਼ਾਲਾ ਵਿੱਚ ਹੀ ਚੱਲ ਰਿਹਾ ਹੈ। ਇਸ ਸਕੂਲ ਵਿੱਚ ਬੱਚਿਆਂ ਦੀ ਗਿਣਤੀ ਵੱਧ ਹੋਣ ਦੇ ਬਾਵਜੂਦ ਇਸ ਨੂੰ ਕਿਸੇ ਪੱਕੀ ਥਾਂ ‘ਤੇ ਸ਼ਿਫਟ ਨਹੀਂ ਕੀਤਾ ਗਿਆ ਅਤੇ 600 ਤੋਂ ਵੱਧ ਵਿਦਿਆਰਥੀਆਂ ਵਾਲੇ ਇਸ ਸਕੂਲ ਵਿੱਚ ਸਿਰਫ ਪੰਜ ਕਮਰੇ ਅਤੇ ਇੱਕ ਵਰਾਂਡਾ ਹੀ ਹੈ।
ਸਮੇਂ ਦੀਆਂ ਸਰਕਾਰਾਂ ਵੱਲੋਂ ਸੂਬੇ ਵਿੱਚ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਦੇ ਵੱਡੇ ਵੱਡੇ ਬਿਆਨ ਦਿੱਤੇ ਜਾਂਦੇ ਹਨ ਪਰ ਕਈ ਸਕੂਲਾਂ ਦੀ ਹਾਲਤ ਅੱਜ ਵੀ ਪਹਿਲਾਂ ਦੀ ਤਰ੍ਹਾਂ ਤਰਸਯੋਗ ਬਣੀ ਹੋਈ ਹੈ। ਜਿਹੜੇ ਸਰਕਾਰੀ ਸਕੂਲ ਕਿਰਾਏ ਦੀ ਥਾਂ ਜਾਂ ਧਰਮਸ਼ਾਲਾਵਾਂ ਵਿੱਚ ਚੱਲ ਰਹੇ ਹਨ ਉੱਥੇ ਗ੍ਰਾਂਟਾਂ ਸਿਰਫ ਨਾ-ਮਾਤਰ ਹੀ ਆ ਰਹੀਆਂ ਹਨ। ਜਿਸ ਕਰਕੇ ਸ਼ਹਿਰ ਦੇ ਕਈ ਅਜਿਹੇ ਪ੍ਰਾਇਮਰੀ ਸਕੂਲ ਤਰਸਯੋਗ ਹਾਲਤਾਂ ਵਿੱਚ ਦੇਖੇ ਜਾ ਸਕਦੇ ਹਨ। ਅਜਿਹਾ ਹੀ ਇੱਕ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਕੁੰਦਨਪੁਰੀ ਇਲਾਕੇ ਵਿੱਚ ਹੈ। ਸਕੂਲ ਦੀ ਬਾਹਰੀ ਅਤੇ ਅੰਦਰੂਨੀ ਖਸਤਾ ਹਾਲਤ ਇਸ ਨੂੰ ਸਮਾਰਟ ਨਹੀਂ ਬਦਸੂਰਤ ਬਣਾ ਰਹੀ ਹੈ। ਸਕੂਲ ਵਿੱਚ ਕਰੀਬ 670 ਵਿਦਿਆਰਥੀਆਂ ਵਿੱਚੋਂ 170 ਪ੍ਰੀ-ਪ੍ਰਾਇਮਰੀ ਜਦਕਿ 20 ਕੁ ਅਯੋਗ (ਡਿਸਏਵਲ) ਵਿਦਿਆਰਥੀ ਹਨ। ਇੰਨੇ ਵਿਦਿਆਰਥੀਆਂ ਦੇ ਬੈਠਣ ਲਈ ਸਿਰਫ ਪੰਜ ਹੀ ਕਮਰੇ ਹਨ ਜਿਸ ਕਰਕੇ ਕਈ ਵਾਰ ਦੋ-ਦੋ ਜਮਾਤਾਂ ਦੇ ਵਿਦਿਆਰਥੀ ਇਕੱਠੇ ਬਿਠਾਉਣੇ ਪੈ ਰਹੇ ਹਨ। ਕਮਰਿਆਂ ਦੀ ਘਾਟ ਕਰਕੇ ਕਈ ਜਮਾਤਾਂ ਗਰਮੀ-ਸਰਦੀ ਸਮੇਂ ਵਰਾਂਡਿਆਂ ਵਿੱਚ ਹੀ ਲਗਾਈਆਂ ਜਾਂਦੀਆਂ ਹਨ।
ਸਰਕਾਰ ਵੱਲੋਂ ਪ੍ਰੀ-ਪ੍ਰਾਇਮਰੀ ਵਿਦਿਆਰਥੀਆਂ ਦੇ ਮਿੱਡ-ਡੇਅ ਮੀਲ ਦੀ ਗ੍ਰਾਂਟ ਨਹੀਂ ਆਉਂਦੀ ਜਿਸ ਕਰਕੇ ਇਹ ਸਾਰਾ ਖਰਚਾ ਵੀ ਅਧਿਆਪਕਾਂ ਜਾਂ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਹੀ ਕੀਤਾ ਜਾ ਰਿਹਾ ਹੈ। ਸਕੂਲ ਵਿੱਚ 19 ਅਧਿਆਪਕਾਂ ਦੀਆਂ ਪੱਕੀਆਂ ਪੋਸਟਾਂ ਹਨ ਪਰ ਪਿਛਲੇ ਸਮੇਂ ਤੋਂ 4 ਅਧਿਆਪਕ ਆਪਣੀ ਬਦਲੀ ਕਰਵਾ ਗਏ ਹਨ। ਮੌਜੂਦਾ ਸਮੇਂ ਸਿਰਫ 15 ਅਧਿਆਪਕ ਹੀ ਪੜ੍ਹਾ ਰਹੇ ਹਨ। ਸਕੂਲ ‘ਚ ਲੱਗਿਆ ਇੱਕ ਆਰਓ ਵੀ ਕਿਸੇ ਸਮਾਜ ਸੇਵੀ ਜਥੇਬੰਦੀ ਨੇ ਦਾਨ ਕੀਤਾ ਸੀ। ਵਿਦਿਆਰਥੀਆਂ ਦੀ ਗਿਣਤੀ ਦੇ ਮੁਕਾਬਲੇ ਸਕੂਲ ਵਿੱਚ ਪਖਾਨੇ ਸਿਰਫ 2 ਹੋਣ ਕਰਕੇ ਬੱਚਿਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਕੂਲ ਮੁਖੀ ਕੁਲਦੀਪ ਕੁਮਾਰ ਨੇ ਕਿਹਾ ਕਿ ਉਹ ਇਸ ਸਬੰਧੀ ਅਧਿਕਾਰੀਆਂ ਨੂੰ ਸਮੇਂ ਸਮੇਂ ‘ਤੇ ਲਿਖਦੇ ਰਹਿੰਦੇ ਹਨ। ਸਕੂਲ ਦੀ ਹਾਲਤ ਬਾਰੇ ਵਿਧਾਇਕ ਮਦਨ ਲਾਲ ਬੱਗਾ ਨੂੰ ਵੀ ਬੀਤੇ ਦਿਨ ਇੱਕ ਮੰਗ ਪੱਤਰ ਦਿੱਤਾ ਗਿਆ ਹੈ।
ਸਰਕਾਰ ਵੱਲੋਂ ਬਹੁਤੀ ਗਰਾਂਟ ਨਹੀਂ ਆਉਂਦੀ: ਬੀਪੀਈਓ
ਬੀਪੀਈਓ ਮਾਂਗਟ-1 ਰਮਨਜੀਤ ਸੰਧੂ ਨੇ ਕਿਹਾ ਕਿ ਇਹ ਸਕੂਲ ਧਰਮਸ਼ਾਲਾ ਵਿੱਚ ਚੱਲਦਾ ਹੋਣ ਕਰਕੇ ਸਰਕਾਰ ਵੱਲੋਂ ਕੋਈ ਵੱਡੀ ਗ੍ਰਾਂਟ ਤਾਂ ਨਹੀਂ ਆਉਂਦੀ ਪਰ ਸਕੂਲ ਦੀ ਮੁਰੰਮਤ ਆਦਿ ਲਈ ਹਰ ਸਾਲ ਗ੍ਰਾਂਟ ਜ਼ਰੂਰੀ ਆਉਂਦੀ ਹੈ। ਉਨ੍ਹਾਂ ਦੱਸਿਆ ਕਿ ਸਕੂਲ ਦੇ ਚਾਰ ਅਧਿਆਪਕਾਂ ਨੂੰ ਹੋਰਨਾਂ ਸਕੂਲਾਂ ਵਿੱਚ ਹੋਰਨਾਂ ਅਧਿਆਪਕਾਂ ਦੀ ਥਾਂ ਆਰਜੀ ਤੌਰ ‘ਤੇ ਭੇਜਿਆ ਗਿਆ ਹੈ।