ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 23 ਅਕਤੂਬਰ
ਕੁਲਵੰਤ ਕੌਰ ਰਸੂਲਪੁਰ ਦੀ ਕਥਿਤ ਪੁਲੀਸ ਤਸ਼ੱਦਦ ਨਾਲ ਹੋਈ ਮੌਤ ਦੇ ਮਾਮਲੇ ‘ਚ ਨਾਮਜ਼ਦ ਡੀਐੱਸਪੀ ਸਮੇਤ ਚਾਰਾਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਸਥਾਨਕ ਥਾਣਾ ਸਿਟੀ ਮੂਹਰੇ ਧਰਨਾ ਅੱਜ 215ਵੇਂ ਦਿਨ ਵੀ ਜਾਰੀ ਰਿਹਾ। ਇਸ ਮਾਮਲੇ ਵਿੱਚ ਇਨਸਾਫ਼ ਲੈਣ ਲਈ 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੇ ਸ਼ਹੀਦੀ ਦਿਹਾੜੇ ਵਾਲੇ ਦਿਨ ਸ਼ੁਰੂ ਕੀਤਾ ਸੰਘਰਸ਼ ਨਿਆਂ ਦੀ ਪੂਰਤੀ ਤੱਕ ਜਾਰੀ ਰੱਖਣ ਦਾ ਅਹਿਦ ਲਿਆ। ਧਰਨੇ ਦਰਮਿਆਨ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ, ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ, ਕਿਰਤੀ ਕਿਸਾਨ ਯੂਨੀਅਨ ਦੇ ਮਨੋਹਰ ਸਿੰਘ ਝੋਰੜਾਂ, ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਜੱਗਾ ਸਿੰਘ ਢਿਲੋਂ, ਕੁੰਢਾ ਸਿੰਘ ਕਾਉਂਕੇ ਤੇ ਰਾਮਤੀਰਥ ਸਿੰਘ ਲੀਲਾਂ, ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਪ੍ਰਧਾਨ ਜਸਪ੍ਰੀਤ ਸਿੰਘ ਢੋਲਣ, ਕਿਸਾਨ ਸਭਾ ਦੇ ਆਗੂ ਨਿਰਮਲ ਸਿੰਘ ਧਾਲੀਵਾਲ ਨੇ ਕਿਹਾ ਕਿ ਜਨਤਕ ਜਥੇਬੰਦੀਆਂ ਦੀ ਅਗਵਾਈ ਹੇਠ ਇਕ ਸਾਂਝਾ ਵਫ਼ਦ ਪਹਿਲਾਂ ਰਹਿ ਚੁੱਕੇ ਡੀਜੀਪੀ ਵੀਕੇ ਭਾਵਰਾ ਨੂੰ ਵੀ ਮਿਲ ਕੇ ਮੰਗ ਕਰ ਚੁੱਕਾ ਹੈ ਕਿ ਲੰਘੀ 11 ਦਸੰਬਰ ਨੂੰ ਸਿਟੀ ਥਾਣੇ ਵਿੱਚ ਧਾਰਾ 304, 342, 34 ਅਤੇ ਐੱਸਸੀ/ਐੱਸਟੀ ਐਕਟ 1989 ਅਧੀਨ ਦਰਜ ਕੀਤੇ ਮੁਕੱਦਮੇ ’ਚ ਨਾਮਜ਼ਦ ਮੁਲਜ਼ਮਾਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ ਪਰ ਸੱਤ ਮਹੀਨੇ ਬਾਅਦ ਵੀ ਮੁਲਜ਼ਮ ਆਜ਼ਾਦ ਘੁੰਮ ਰਹੇ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਗਰੀਬ ਪਰਿਵਾਰ ਨੂੰ ਨਿਆਂ ਨਾ ਮਿਲਿਆ ਤਾਂ ਕੋਈ ਸਖ਼ਤ ਕਦਮ ਚੁੱਕਣ ਲਈ ਵੀ ਮਜਬੂਰ ਹੋਣਗੇ।
ਇਕਬਾਲ ਸਿੰਘ ਰਸੂਲਪੁਰ ਤੇ ਮਨਪ੍ਰੀਤ ਕੌਰ ਧਾਲੀਵਾਲ ਨੇ ਸਰਕਾਰ ’ਤੇ ਜਾਣ-ਬੁੱਝ ਕੇ ਕਾਰਵਾਈ ਨਾ ਕਰਨ ਦੇ ਦੋਸ਼ ਲਾਏ। ਇਸ ਮੌਕੇ ਹਰੀ ਸਿੰਘ, ਅਵਤਾਰ ਸਿੰਘ ਜਗਰਾਉਂ, ਗੁਰਚਰਨ ਸਿੰਘ, ਰੂਪ ਸਿੰਘ ਅਤੇ ਬੰਤਾ ਸਿੰਘ ਡੱਲਾ ਹਾਜ਼ਰ ਸਨ।