ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 8 ਅਕਤੂਬਰ
ਸਥਾਨਕ ਰਾਏਕੋਟ ਮਾਰਗ ’ਤੇ ਸਥਿਤ ਥਾਣਾ ਸਿਟੀ ਮੂਹਰੇ ਚੱਲ ਰਿਹਾ ਅਣਮਿਥੇ ਸਮੇਂ ਦਾ ਧਰਨਾ ਅੱਜ 200ਵੇਂ ਦਿਨ ਵਿੱਚ ਦਾਖ਼ਲ ਹੋ ਗਿਆ ਹੈ। ਅਨੁਸੂਚਿਤ ਜਾਤੀ ਨਾਲ ਸਬੰਧਤ ਕੁਲਵੰਤ ਕੌਰ ਰਸੂਲਪੁਰ ਦੀ ਕਥਿਤ ਪੁਲੀਸ ਤਸ਼ੱਦਦ ਨਾਲ ਹੋਈ ਮੌਤ ਤੋਂ ਬਾਅਦ ਸੰਗੀਨ ਧਾਰਾਵਾਂ ਤਹਿਤ ਡੀਐੱਸਪੀ ਸਣੇ ਚਾਰਾਂ ਖ਼ਿਲਾਫ਼ ਦਰਜ ਮਾਮਲੇ ’ਚ ਗ੍ਰਿਫ਼ਤਾਰੀਆਂ ਨਾ ਹੋਣ ਦੇ ਰੋਸ ਵਜੋਂ ਇਹ ਧਰਨਾ ਦਿੱਤਾ ਜਾ ਰਿਹਾ ਹੈ। ਜਨਤਕ ਜਥੇਬੰਦੀਆਂ ਦੀ ‘ਆਪ’ ਸਰਕਾਰ ਵੱਲੋਂ ਸਾਰ ਨਾ ਲੈਣ ਕਾਰਨ ਹੁਣ ਜਨਤਕ ਜਥੇਬੰਦੀਆਂ 10 ਅਕਤੂਬਰ ਨੂੰ ਮੀਟਿੰਗ ਕਰਕੇ ਸੰਘਰਸ਼ ਤਿੱਖਾ ਕਰਨ ਲਈ ਰਣਨੀਤੀ ਉਲੀਕਣਗੀਆਂ। ਇਹ ਇਕੱਤਰਤਾ ਸਥਾਨਕ ਨਛੱਤਰ ਸਿੰਘ ਯਾਦਗਾਰੀ ਹਾਲ ਵਿੱਚ ਰੱਖੀ ਗਈ ਹੈ। ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ, ਕਿਰਤੀ ਕਿਸਾਨ ਯੂਨੀਅਨ ਦੇ ਆਗੂ ਤਰਲੋਚਨ ਸਿੰਘ ਝੋਰੜਾਂ, ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਨੇ ਕਿਹਾ ਕਿ ‘ਆਪ’ ਸਰਕਾਰ ਦਾ ਦੋਗਲਾ ਚਿਹਰਾ ਜੱਗ ਜ਼ਾਹਰ ਹੋਣ ਲੱਗਿਆ ਹੈ ਅਤੇ ਇਸ ਨੂੰ ਪੂਰੀ ਤਰ੍ਹਾਂ ਜਨਤਕ ਕਰਨ ਲਈ ਪਿੰਡਾਂ ਵਿੱਚ ਰੈਲੀਆਂ, ਮੀਟਿੰਗਾਂ ਅਤੇ ਮਾਰਚ ਸ਼ੁਰੂ ਕੀਤੇ ਜਾਣਗੇ।