ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 24 ਅਪਰੈਲ
ਕੁਲਵੰਤ ਕੌਰ ਦੀ ਮੌਤ ਮਾਮਲੇ ਵਿੱਚ ਪੁਲੀਸ ਨੇ ਭਾਵੇਂ ਡੀਐੱਸਪੀ ਸਮੇਤ ਚਾਰ ਜਣਿਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਸੀ ਪਰ ਇੰਨੇ ਸਮੇਂ ਬਾਅਦ ਵੀ ਗ੍ਰਿਫ਼ਤਾਰੀਆਂ ਨਾ ਹੋਣ ਦੇ ਰੋਸ ਵਜੋਂ ਥਾਣਾ ਸਿਟੀ ਅੱਗੇ ਧਰਨਾ ਤੇ ਭੁੱਖ ਹੜਤਾਲ ਜਾਰੀ ਹੈ। ਧਰਨੇ ਦੇ 33ਵੇਂ ਦਿਨ ਸੰਘਰਸ਼ ਲੜ ਰਹੀਆਂ ਜਨਤਕ ਜਥੇਬੰਦੀਆਂ ਦੇ ਆਗੂਆਂ ਤੋਂ ਇਲਾਵਾ ਅੱਜ ਡਾਕਟਰ ਅੰਬੇਡਕਰ ਟਰੱਸਟ ਦੇ ਨੁਮਾਇੰਦਿਆਂ ਨੇ ਵੀ ਸ਼ਿਰਕਤ ਕੀਤੀ। ਉਧਰ ਕੁਲਵੰਤ ਕੌਰ ਦੀ ਮਾਤਾ ਸੁਰਿੰਦਰ ਕੌਰ ਦੀ ਭੁੱਖ ਹੜਤਾਲ ਜਾਰੀ ਰਹੀ। ਆਗੂਆਂ ਨੇ ਫ਼ੈਸਲਾ ਕੀਤਾ ਕਿ ਸੰਘਰਸ਼ ਦੀ ਅਗਲੀ ਰਣਨੀਤੀ ਉਲੀਕਣ ਲਈ ਜਥੇਬੰਦੀਆਂ ਦੀ ਸਾਂਝੀ ਮੀਟਿੰਗ 26 ਅਪਰੈਲ ਨੂੰ ਹੋਵੇਗੀ। ਧਰਨੇ ’ਚ ਸ਼ਾਮਲ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ, ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਨਿਰਮਲ ਸਿੰਘ ਧਾਲੀਵਾਲ, ਮਨੋਹਰ ਸਿੰਘ ਝੋਰੜਾਂ, ਭਾਈ ਜਸਪ੍ਰੀਤ ਸਿੰਘ ਢੋਲਣ, ਮਹਿਲਾ ਆਗੂ ਮਨਪ੍ਰੀਤ ਕੌਰ ਧਾਲੀਵਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਚਾਰਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕਰਦਿਆਂ ਉੱਚ ਪੁਲੀਸ ਅਧਿਕਾਰੀਆਂ ਦੇ ਕਥਿਤ ਪੱਖਪਾਤੀ ਵਤੀਰੇ ਦੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੇ ਸਾਜ਼ਿਸ਼ ਅਧੀਨ ਗਰੀਬ ਪਰਿਵਾਰ ਨੂੰ ਅੱਤਿਆਚਾਰ ਕਰ ਕੇ ਪੂਰੀ ਤਰ੍ਹਾਂ ਉਜਾੜ ਦਿੱਤਾ ਹੈ। ਧਰਨੇ ਵਿੱਚ ਰਣਜੀਤ ਸਿੰਘ, ਅਮਰਜੀਤ ਸਿੰਘ, ਬਖਤੌਰ ਸਿੰਘ, ਕਮਲਜੀਤ ਕੌਰ, ਮਨਜੀਤ ਕੌਰ, ਰਣਜੀਤ ਸਿੰਘ ਮਨੀ, ਰੂਪ ਸਿੰਘ ਝੋਰੜਾਂ, ਅਵਤਾਰ ਸਿੰਘ ਠੇਕੇਦਾਰ, ਇਕਬਾਲ ਸਿੰਘ ਰਸੂਲਪੁਰ ਆਦਿ ਹਾਜ਼ਰ ਸਨ।