ਜਸਬੀਰ ਸ਼ੇਤਰਾ
ਜਗਰਾਉਂ, 27 ਅਪਰੈਲ
ਇੱਥੇ ਸੋਲਾਂ ਵਰ੍ਹੇ ਪੁਰਾਣੇ ਕੁਲਵੰਤ ਕੌਰ ਕੇਸ ’ਚ ਪੀੜਤ ਪਰਿਵਾਰ ਨੂੰ ਪਹਿਲਾਂ ਗੱਠਜੋੜ ਸਰਕਾਰ ਤੇ ਫਿਰ ਕਾਂਗਰਸ ਸਰਕਾਰ ਸਮੇਂ ਇਨਸਾਫ਼ ਨਹੀਂ ਮਿਲਿਆ ਅਤੇ ਹੁਣ ਇਹ ਪਰਿਵਾਰ ਤੀਜੀ ਬਣੀ ਸਰਕਾਰ ਤੋਂ ਇਨਸਾਫ਼ ਦੀ ਝਾਕ ਰੱਖਦਾ ਹੈ। ਉਹ ਮੁੱਖ ਮੰਤਰੀ ਨੂੰ ਹਲਕਾ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਰਾਹੀਂ ਖ਼ੂਨ ਨਾਲ ਲਿਖੀ ਚਿੱਠੀ ਵੀ ਭੇਜ ਚੁੱਕੇ ਹਨ। ਵਿਧਾਇਕ ਮਾਣੂੰਕੇ ਨੇ ਇਹ ਮਸਲਾ ਮੁੱਖ ਮੰਤਰੀ ਤੱਕ ਉਠਾਉਣ ਦੀ ਗੱਲ ਕਰਦਿਆਂ ਛੇਤੀ ਇਨਸਾਫ਼ ਦਾ ਭਰੋਸਾ ਦਿਵਾਇਆ ਹੈ। ਮਾਮਲੇ ਵਿੱਚ ਇਨਸਾਫ਼ ਦੀ ਮੰਗ ਸਬੰਧੀ ਥਾਣਾ ਸਿਟੀ ਮੂਹਰੇ ਚੱਲ ਰਿਹਾ ਧਰਨਾ ਅੱਜ 36ਵੇਂ ਦਿਨ ਜਾਰੀ ਰਿਹਾ ਅਤੇ ਪੀੜਤ ਪਰਿਵਾਰ ਦੀ 75 ਸਾਲਾ ਮਾਤਾ ਸੁਰਿੰਦਰ ਕੌਰ ਦੀ ਭੁੱਖ ਹੜਤਾਲ 29ਵੇਂ ’ਚ ਦਾਖ਼ਲ ਹੋ ਗਈ। ਧਰਨੇ ਨੂੰ ਅੱਜ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਅਵਤਾਰ ਸਿੰਘ ਤਾਰੀ, ਬੀਕੇਯੂ ਦੇ ਦਰਸ਼ਨ ਸਿੰਘ ਗਾਲਬਿ, ਕਿਸਾਨ ਸਭਾ ਦੇ ਨਿਰਮਲ ਸਿੰਘ ਧਾਲੀਵਾਲ, ਮਦਨ ਸਿੰਘ, ਸੁਰਿੰਦਰ ਗਾਲਬਿ, ਮਨੋਹਰ ਸਿੰਘ ਝੋਰੜਾਂ, ਸਰਵਿੰਦਰ ਸਿੰਘ ਸੁਧਾਰ ਤੇ ਸ਼ੇਰ ਸਿੰਘ ਜੋਧਪੁਰੀ ਆਦਿ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਉਨ੍ਹਾਂ ਨੂੰ ਸੀਨੀਅਰ ਪੁਲੀਸ ਅਧਿਕਾਰੀਆਂ ਦੀ ਨੀਅਤ ’ਤੇ ਸ਼ੱਕ ਹੈ ਕਿਉਂਕਿ ਸਾਢੇ ਚਾਰ ਮਹੀਨੇ ਪਹਿਲਾਂ ਸੰਗੀਨ ਧਾਰਾਵਾਂ ਤਹਿਤ ਦਰਜ ਪਰਚੇ ’ਚ ਗ੍ਰਿਫ਼ਤਾਰੀਆਂ ਨਹੀਂ ਹੋ ਰਹੀਆਂ। ਇਸ ਮਾਮਲੇ ’ਚ ਇਕ ਡੀਐੱਸਪੀ ਸਮੇਤ ਚਾਰ ਜਣੇ ਨਾਮਜ਼ਦ ਹਨ। ਉਨ੍ਹਾਂ ਹਲਕਾ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਤੋਂ ਪੁਰਜ਼ੋਰ ਮੰਗ ਕੀਤੀ ਕਿ ਮੁਲਜ਼ਮਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਕਥਿਤ ਪੁਲੀਸ ਤਸ਼ੱਦਦ ਦਾ ਸ਼ਿਕਾਰ ਪਰਿਵਾਰ ਨੂੰ ਇਨਸਾਫ਼ ਦਿੱਤਾ ਜਾਵੇ।