ਸਤਵਿੰਦਰ ਸਿੰਘ ਬਸਰਾ
ਲੁਧਿਆਣਾ, 26 ਜੁਲਾਈ
ਸਨਅਤੀ ਸ਼ਹਿਰ ’ਚ ਪੀਵੀਆਰ ਦੇ ਪੈਰ ਰੱਖਦਿਆਂ ਹੀ ਬਹੁਤੇ ਸਿਨੇਮਾ ਘਰ ਹੌਲੀ ਹੌਲੀ ਪਹਿਲਾਂ ਹੀ ਬੰਦ ਹੋ ਚੁੱਕੇ ਹਨ ਜਦਕਿ ਰਹਿੰਦੇ ਸਿਨੇਮਾ ਘਰ ਹੁਣ ਕਰੋਨਾ ਮਹਾਮਾਰੀ ਨੇ ਪੈਰਾਂ ਤੋਂ ਉਖਾੜਨੇ ਸ਼ੁਰੂ ਕਰ ਦਿੱਤੇ ਹਨ। ਕਦੇ ਲੁਧਿਆਣਾ ਵਿੱਚ ਸੂਬੇ ’ਚੋਂ ਸਭ ਤੋਂ ਵੱਧ ਡੇਢ ਦਰਜਨ ਦੇ ਕਰੀਬ ਸਿਨੇਮਾ ਘਰ ਚੱਲਦੇ ਸਨ।
ਕਰੀਬ 25-30 ਸਾਲ ਪਹਿਲਾਂ ਫਿਲਮਾਂ ਦੇਖਣ ਦੇ ਸ਼ੌਕੀਨ ਸਿਨੇਮਾ ਘਰਾਂ ਵਿੱਚ ਹੀ ਫਿਲਮਾਂ ਦੇਖਣ ਜਾਂਦੇ ਸਨ। ਨਵੀਂ ਫਿਲਮ ਆਉਣ ’ਤੇ ਲੋਕ ਬਲੈਕ ਵਿੱਚ ਵੀ ਟਿਕਟਾਂ ਖਰੀਦਣ ਤੋਂ ਗੁਰੇਜ਼ ਨਹੀਂ ਕਰਦੇ ਸਨ ਪਰ ਹੁਣ ਸਮਾਂ ਆਨਲਾਈਨ ਵਾਲਾ ਅਤੇ ਪੀਵੀਆਰ ਦਾ ਆ ਗਿਆ ਹੈ ਜਿਸ ਕਰਕੇ ਪੁਰਾਣੇ ਸਿਨੇਮਾ ਘਰ ਹੌਲੀ ਹੌਲੀ ਬੰਦ ਹੋ ਗਏ।
ਲੁਧਿਆਣਾ ਤੇ ਆਸ-ਪਾਸ ਦੇ ਇਲਾਕਿਆਂ ’ਚ ਮਲਹਾਰ, ਰਿਖੀ, ਸੁਸਾਇਟੀ, ਕੈਲਾਸ਼, ਦੀਪਕ, ਮਨਰਵਾ, ਨੌਲੱਖਾ, ਸੰਗੀਤ, ਆਰਤੀ, ਅਰੋੜਾ, ਚਾਂਦ, ਸਵਰਨ ਪੈਲੇਸ ਆਦਿ ਸਿਨੇਮਾ ਤਾਂ ਹੁਣ ਪੂਰੀ ਤਰ੍ਹਾਂ ਬੰਦ ਹੋ ਗਏ ਹਨ ਜਦਕਿ ਅਜੇ ਵੀ ਚੱਲਦੇ ਮੰਜੂ, ਪ੍ਰੀਤ ਪੈਲਸ, ਸ਼ਿੰਗਾਰ ਸਿਨੇਮਾ, ਮਿੰਨੀ ਸ਼ਿੰਗਾਰ ਅਤੇ ਮਿੱਢੀ ਸ਼ਿੰਗਾਰ ਸਿਨੇਮਾ ਘਰਾਂ ਨੂੰ ਹੁਣ ਕੋਵਿਡ-19 ਨੇ ਭਾਰੀ ਨੁਕਸਾਨ ਪਹੁੰਚਾਇਆ ਹੈ। ਇਨ੍ਹਾਂ ਸਿਨੇਮਾ ਘਰਾਂ ਵਿੱਚ ਲੰਘੇ 4 ਮਹੀਨੇ ਤੋਂ ਕੋਈ ਫਿਲਮ ਨਾ ਲੱਗਣ ਕਰਕੇ ਭਾਂਅ-ਭਾਂਅ ਕਰ ਰਹੇ ਹਨ। ਪੁਰਾਣੀਆਂ ਫਿਲਮਾਂ ਦੇ ਲੱਗੇ ਬੋਰਡ ਵੀ ਲਹਿ ਚੁੱਕੇ ਹਨ। ਕਰੋਨਾ ਕਰਕੇ ਅਜੇ ਇਨਾਂ ਸਿਨੇਮਾ ਘਰਾਂ ਦੇ ਜਲਦੀ ਖੁੱਲ੍ਹਣ ਦੇ ਆਸਾਰ ਵੀ ਘੱਟ ਹੀ ਨਜ਼ਰ ਆ ਰਹੇ ਹਨ। ਦੂਜੇ ਪਾਸੇ ਸ਼ਿੰਗਾਰ ਸਿਨੇਮਾ ਵਿੱਚ ਕੰਟੀਨ ਚਲਾਉਂਦੇ ਲੱਕੀ ਨਾਂ ਦੇ ਨੌਜਵਾਨ ਨੇ ਤਾਂ ਸੜਕ ‘ਤੇ ਚਾਹ ਦੀ ਰੇਹੜੀ ਵੀ ਲਗਾਉਣੀ ਸ਼ੁਰੂ ਕਰ ਦਿੱਤੀ ਹੈ। ਉਸ ਨੇ ਦੱਸਿਆ ਕਿ ਉਸ ਦੇ ਪਿਤਾ ਅਵਤਾਰ ਸਿੰਘ ਸਿਨੇਮਾ ਘਰ ਵਿੱਚ ਹੀ ਕੰਟੀਨ ਚਲਾਉਂਦੇ ਸਨ ਪਰ ਕਰੋਨਾ ਕਰਕੇ ਸਿਨੇਮਾ ਘਰ ਪਿਛਲੇ ਕਈ ਮਹੀਨਿਆਂ ਤੋਂ ਬੰਦ ਹੋਣ ਕਰਕੇ ਉਸ ਨੇ ਸੜਕ ’ਤੇ ਚਾਹ ਦੀ ਰੇਹੜੀ ਲਾਉਣੀ ਸ਼ੁਰੂ ਕਰ ਦਿੱਤੀ ਹੈ ਕਿਊਂਕਿ ਫਿਲਮਾਂ ਨਾ ਲੱਗਣ ਕਰਕੇ ਸਿਨੇਮੇ ’ਚ ਸੁੰਨ ਪੱਸਰੀ ਹੋਈ ਹੈ।