ਦੇਵਿੰਦਰ ਸਿੰਘ ਜੱਗੀ
ਪਾਇਲ, 3 ਸਤੰਬਰ
ਪਿੰਡ ਕੋਟਲੀ ਜਿਸ ਨੇ ਪੰਜਾਬ ਨੂੰ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ, ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ, ਸਾਬਕਾ ਕੈਬਨਿਟ ਮੰਤਰੀ ਤੇਜਪ੍ਰਕਾਸ਼ ਕੋਟਲੀ ,ਦੋ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਅਤੇ ਲਖਵੀਰ ਸਿੰਘ ਲੱਖਾ ਦਿੱਤੇ, ਪ੍ਰੰਤੂ ਇੱਥੇ ਦਲਿਤ ਵਰਗ ਦੇ ਲੋਕ ਗੰਦਾ ਅਤੇ ਬਦਬੂਦਾਰ ਪਾਣੀ ਪੀਣ ਅਤੇ ਵਰਤਣ ਲਈ ਮਜਬੂਰ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਫੂਲੇ-ਸ਼ਾਹੂ-ਅੰਬੇਡਕਰ ਲੋਕ ਜਗਾਓ ਮੰਚ ਦੇ ਆਗੂ ਗੁਰਦੀਪ ਸਿੰਘ ਕਾਲੀ ਨੇ ਕਰਦਿਆਂ ਕਿਹਾ ਕਿ ਪਿੰਡਾਂ ਅੰਦਰ ਕਾਂਗਰਸ ਵੱਲੋਂ ਕੀਤੇ ਜਾ ਰਹੇ ਵਿਕਾਸ ਦੇ ਦਾਅਵਿਆਂ ਨੂੰ ਲੋਕਾਂ ਸਾਹਮਣੇ ਲਿਆਉਣ ਲਈ ਜੋ ਪਿੰਡ-ਪਿੰਡ ਪ੍ਰੋਗਰਾਮ ਸ਼ੁਰੂ ਕੀਤੇ ਗਏ ਹਨ ਉਸ ਲੜੀ ਤਹਿਤ ਪਿੰਡ ਕੋਟਲੀ ਦੇ ਲੋਕਾਂ ਨੂੰ ਮਿਲਣ ਤੋਂ ਬਾਅਦ ਇਸ ਪਿੰਡ ਵਿੱਚ ਪੀਣ ਵਾਲੇ ਪਾਣੀ ਦੀ ਸਮੱਸਿਆ ਸਾਹਮਣੇ ਆਈ। ਪਿੰਡ ਵਾਸੀ ਨਿਰਮਲ ਸਿੰਘ,ਰਤਨ ਸਿੰਘ, ਸੰਦੀਪ ਸਿੰਘ ,ਪਿੰਦਰ ਕੌਰ, ਸੁਰਿੰਦਰ ਕੌਰ ਨੇ ਕਿਹਾ ਕਿ ਪਿੰਡ ਅੰਦਰ ਦਲਿਤਾਂ ਦੇ ਘਰਾਂ ਵਿੱਚ ਜੋ ਵਾਟਰ ਸਪਲਾਈ ਦਾ ਪਾਣੀ ਆ ਰਿਹਾ ਹੈ,ਉਹ ਬਹੁਤ ਦੂਸ਼ਿਤ ਹੈ। ਉਨ੍ਹਾਂ ਦੱਸਿਆ ਕਿ ਪਿੰਡ ਵਿੱਚ ਜੋ ਸਰਕਾਰੀ ਨਲਕਾ ਲੱਗਿਆ ਹੋਇਆ ਹੈ, ਉਹ ਵੀ ਕਾਫ਼ੀ ਲੰਬੇ ਸਮੇਂ ਤੋਂ ਖ਼ਰਾਬ ਹੈ। ਪਿੰਡ ਦੀ ਮਹਿਲਾ ਸਰਪੰਚ ਦੇ ਪਤੀ ਵਰਿੰਦਰ ਸਿੰਘ ਬਿੰਨੀ ਨੇ ਕਿਹਾ ਕਿ ਇਸ ਗੰਦੇ ਪਾਣੀ ਸਬੰਧੀ ਕੋਈ ਵੀ ਪੱਖ ਨਹੀਂ ਦੇਣਾ। ਅਪਰੇਟਰ ਨੇਤਰ ਸਿੰਘ ਨੇ ਕਿਹਾ ਕਿ ਗੰਦੇ ਪਾਣੀ ਦੀ ਸਮੱਸਿਆ ਕਰੀਬ ਡੇਢ ਮਹੀਨੇ ਤੋਂ ਆ ਰਹੀ ਹੈ, ਪਰ ਇਹ ਲੀਕੇਜ ਕਿੱਥੋਂ ਹੋ ਰਹੀ ਹੈ ਤੇ, ਇਸ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ।