ਪੱਤਰ ਪ੍ਰੇਰਕ
ਗੁਰੂਸਰ ਸੁਧਾਰ, 25 ਸਤੰਬਰ
ਭਾਰਤ ਮਾਲਾ ਪ੍ਰਾਜੈਕਟ ਤਹਿਤ ਦਿੱਲੀ-ਜੰਮੂ-ਕਟੜਾ ਕੌਮੀ ਮਾਰਗ ਲਈ ਲੁਧਿਆਣਾ ਜ਼ਿਲ੍ਹੇ ਦੇ ਡੇਢ ਦਰਜਨ ਪਿੰਡਾਂ ਦੀ ਸੈਂਕੜੇ ਏਕੜ ਜ਼ਮੀਨ ਬਿਨਾਂ ਉਚਿਤ ਮੁਆਵਜ਼ਾ ਦਿੱਤੇ ਗ੍ਰਹਿਣ ਕਰਨ ਵਿਰੁੱਧ ਭਾਕਿਯੂ ਏਕਤਾ (ਉਗਰਾਹਾਂ) ਅਤੇ ਭਾਰਤੀ ਕਿਸਾਨ-ਮਜ਼ਦੂਰ ਰੋਡ ਸੰਘਰਸ਼ ਯੂਨੀਅਨ ਦੀ ਅਗਵਾਈ ਹੇਠ ਪਿੰਡ ਕੋਟ ਆਗਾ ਵਿੱਚ ਚੱਲ ਰਿਹਾ ਮੋਰਚਾ 92ਵੇਂ ਦਿਨ ਵੀ ਜਾਰੀ ਰਿਹਾ। ਵੱਡੀ ਗਿਣਤੀ ਵਿੱਚ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ ਅਤੇ ਔਰਤਾਂ ਨੇ ਸ਼ਮੂਲੀਅਤ ਕੀਤੀ ਅਤੇ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਸੂਬਾ ਪ੍ਰਧਾਨ ਬਿੱਕਰਜੀਤ ਸਿੰਘ ਕਾਲਖ, ਚਰਨਜੀਤ ਸਿੰਘ ਫੱਲੇਵਾਲ, ਕੁਲਦੀਪ ਸਿੰਘ ਗੁੱਜਰਵਾਲ, ਸੁਦਾਗਰ ਸਿੰਘ ਜੁੜਾਹਾਂ, ਜਸਵੀਰ ਸਿੰਘ ਕੋਟ ਆਗਾ, ਹਰਪ੍ਰੀਤ ਕੌਰ ਗੁੱਜਰਵਾਲ, ਸੁਰਿੰਦਰ ਕੌਰ ਕਾਲਖ ਅਤੇ ਅਮਰਜੀਤ ਕੌਰ ਗੁੱਜਰਵਾਲ ਨੇ ਕਿਹਾ ਕਿ ਬਿਨਾਂ ਉਚਿੱਤ ਮੁਆਵਜ਼ਾ ਇੱਕ ਇੰਚ ਜ਼ਮੀਨ ਨੈਸ਼ਨਲ ਹਾਈਵੇ ਅਥਾਰਿਟੀ ਨੂੰ ਨਹੀਂ ਦਿੱਤੀ ਜਾਵੇਗੀ। ਕਿਸਾਨ ਆਗੂ ਗੁਰਿੰਦਰ ਸਿੰਘ ਜੁੜਾਹਾਂ, ਰਾਜਵਿੰਦਰ ਸਿੰਘ ਬੱਲੋਵਾਲ, ਬਲਦੇਵ ਸਿੰਘ ਵੜੈਚ ਅਤੇ ਕਰਮਜੀਤ ਸਿੰਘ ਕੋਟ ਆਗਾ ਨੇ ਕਿਹਾ ਕਿ ਲੋਕ ਈਨ ਨਹੀਂ ਮੰਨਣਗੇ। ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ 28 ਸਤੰਬਰ ਨੂੰ ਬਰਨਾਲਾ ਵਿਚ ਸਾਮਰਾਜ ਵਿਰੋਧੀ ਚੇਤਨਾ ਕਾਨਫ਼ਰੰਸ ’ਚ ਪਹੁੰਚਣ ਦਾ ਸੱਦਾ ਦਿੱਤਾ।