ਸੰਤੋਖ ਗਿੱਲ
ਗੁਰੂਸਰ ਸੁਧਾਰ, 24 ਜੁਲਾਈ
ਬਲਾਕ ਪੱਖੋਵਾਲ ਦੇ ਪਿੰਡ ਕੋਟ ਆਗਾ ਵਿਚ ਕਿਸਾਨਾਂ-ਮਜ਼ਦੂਰਾਂ ਦੀਆਂ ਜ਼ਮੀਨਾਂ ਜਬਰੀ ਐਕੁਆਇਰ ਕਰਨ ਵਿਰੁੱਧ 29ਵੇਂ ਦਿਨ ਵੀ ਪੱਕਾ ਮੋਰਚਾ ਜਾਰੀ ਰਿਹਾ। ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਅਤੇ ਭਾਰਤੀ ਕਿਸਾਨ-ਮਜ਼ਦੂਰ ਰੋਡ ਸੰਘਰਸ਼ ਯੂਨੀਅਨ ਦੇ ਆਗੂਆਂ ਬਿੱਕਰਜੀਤ ਸਿੰਘ ਕਾਲਖ, ਚਰਨਜੀਤ ਸਿੰਘ ਫੱਲੇਵਾਲ, ਪਰਮਜੀਤ ਸਿੰਘ ਕੋਟ ਆਗਾ, ਕੁਲਦੀਪ ਸਿੰਘ ਗੁੱਜਰਵਾਲ, ਜਸਵੰਤ ਸਿੰਘ ਭੱਟੀਆਂ ਢਾਹਾਂ ਅਤੇ ਜਸਵੀਰ ਸਿੰਘ ਕੋਟ ਆਗਾ ਨੇ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਨੂੰ ਪਛਾੜ ਕੇ ਹੱਕਾਂ ਦੀ ਪ੍ਰਾਪਤੀ ਲਈ ਸੰਘਰਸ਼ ਹੋਰ ਤੇਜ਼ ਕਰਨ ਦਾ ਸੱਦਾ ਦਿੱਤਾ। ਪੀੜਤ ਕਿਸਾਨਾਂ ਦੇ ਨਾਲ ਇਲਾਕੇ ਦੇ ਕਿਸਾਨਾਂ-ਮਜ਼ਦੂਰਾਂ, ਨੌਜਵਾਨਾਂ ਅਤੇ ਔਰਤਾਂ ਦੀ ਮੋਰਚੇ ਵਿਚ ਵੱਡੀ ਸ਼ਮੂਲੀਅਤ ਹੋ ਰਹੀ ਹੈ। ਇਸ ਦੌਰਾਨ ਆਗੂਆਂ ਨੇ ਕਿਹਾ ਕਿ ਇਹੋ ਏਕਤਾ ਇਸ ਮੋਰਚੇ ਸਣੇ ਕਿਰਤੀਆਂ ਦੀਆਂ ਹੋਰ ਸਮੱਸਿਆਵਾਂ ਅਤੇ ਮੰਗਾਂ ਦੀ ਪੂਰਤੀ ਦਾ ਮੁੱਢ ਬੰਨ੍ਹੇਗੀ। ਉਨ੍ਹਾਂ ਕਿਹਾ ਕਿ ਹਕੂਮਤਾਂ ਨੂੰ ਲੋਕਾਂ ਦਾ ਏਕਾ ਹੀ ਝੁਕਾਅ ਸਕਦਾ ਹੈ।
ਕਿਸਾਨ ਆਗੂ ਦਰਸ਼ਨ ਸਿੰਘ ਫੱਲੇਵਾਲ, ਸੁਖਵਿੰਦਰ ਸਿੰਘ ਕੋਟ ਆਗਾ, ਪ੍ਰਿਤਪਾਲ ਸਿੰਘ ਗੁੱਜਰਵਾਲ, ਸੁਦਾਗਰ ਸਿੰਘ ਜੁੜਾਹਾਂ, ਭੁਪਿੰਦਰ ਸਿੰਘ ਕਾਲਖ ਅਤੇ ਗੀਤਕਾਰ ਕਰਨੈਲ ਸਿੰਘ ਗੁੱਜਰਵਾਲ ਨੇ ਅੰਦੋਲਨਕਾਰੀਆਂ ਸੰਬੋਧਨ ਕਰਦਿਆਂ ਮੋਰਚੇ ਦੀ ਜਿੱਤ ਲਈ ਸ਼ਾਂਤਮਈ ਅਤੇ ਸਿਰੜ ਨਾਲ ਲੜਾਈ ਜਾਰੀ ਰੱਖਣ ਦਾ ਸੱਦਾ ਦਿੱਤਾ। ਉਨ੍ਹਾਂ ਐਲਾਨ ਕੀਤਾ ਕਿ 25 ਜੁਲਾਈ ਨੂੰ ਪਿੰਡਾਂ ਦੀਆਂ ਹੋਰ ਇਕਾਈਆਂ ਤੋਂ ਪਾਣੀਆਂ ਦੇ ਮੋਰਚੇ ਵਿੱਚ ਸ਼ਮੂਲੀਅਤ ਲਈ ਬੀਬੀਆਂ ਦੇ ਜਥੇ ਰਵਾਨਾ ਹੋਣਗੇ। ਉਨ੍ਹਾਂ ਆਖਿਆਂ ਕਿ ਸਨਅਤਾਂ ਨੂੰ ਪਾਣੀਆਂ ਵਿੱਚ ਜ਼ਹਿਰਾਂ ਘੋਲਣ ਦੀ ਖੁੱਲ੍ਹ ਨਹੀਂ ਦਿੱਤੀ ਜਾ ਸਕਦੀ। ਅੱਜ ਮੋਰਚੇ ਵਿਚ ਕੋਟ ਆਗਾ, ਬੱਲੋਵਾਲ, ਗੁੱਜਰਵਾਲ, ਜੁੜਾਹਾਂ, ਕਾਲਖ ਅਤੇ ਨਾਰੰਗਵਾਲ ਦੀਆਂ ਭੈਣਾਂ ਨੇ ਸ਼ਮੂਲੀਅਤ ਕੀਤੀ।