ਖੇਤਰੀ ਪ੍ਰਤੀਨਿਧ
ਲੁਧਿਆਣਾ, 30 ਅਪਰੈਲ
ਕਾਮਾਗਾਟਾਮਾਰੂ ਯਾਦਗਾਰ ਕਮੇਟੀ ਜ਼ਿਲ੍ਹਾ ਲੁਧਿਆਣਾ ਦੀ ਕਾਰਜਕਾਰੀ ਕਮੇਟੀ ਦੀ ਅਹਿਮ ਮੀਟਿੰਗ ਅੱਜ ਸਾਥੀ ਸੁਖਦੇਵ ਸਿੰਘ ਕਿਲਾ ਰਾਏਪੁਰ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ 29 ਅਪਰੈਲ ਦੀਆਂ ਪਟਿਆਲਾ ਦੀਆਂ ਘਟਨਾਵਾਂ ਦੀ ਨਿਖੇਧੀ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਇਸ ਦੇ ਆਗੂਆਂ- ਜਸਦੇਵ ਸਿੰਘ ਲਲਤੋਂ, ਕੁਲਦੀਪ ਸਿੰਘ ਐਡਵੋਕੇਟ, ਉਜਾਗਰ ਸਿੰਘ ਬੱਦੋਵਾਲ, ਮਲਕੀਤ ਸਿੰਘ ਬੱਦੋਵਾਲ, ਜੁਗਿੰਦਰ ਸਿੰਘ ਸਹਿਜਾਦ, ਹਰਦੇਵ ਸਿੰਘ ਸੁਨੇਤ, ਪ੍ਰੇਮ ਸਿੰਘ ਸ਼ਹਿਜਾਦ ਨੇ ਮੱਧ ਪ੍ਰਦੇਸ਼, ਰਾਜਸਥਾਨ, ਕਰਨਾਟਕ, ਯੂਪੀ ’ਚ ਆਮ ਕਰਕੇ ਅਤੇ ਜਹਾਂਗੀਰਪੁਰੀ (ਦਿੱਲੀ) ’ਚ ਵਿਸ਼ੇਸ਼ ਕਰਕੇ ਘੱਟ ਗਿਣਤੀ ਫਿਰਕੇ ਦੇ ਘਰਾਂ ’ਤੇ ਬੁਲਡੋਜ਼ਰ ਫੇਰ ਕੇ ਵੱਡੇ ਤੇ ਬੇਮਿਸਾਲ ਉਜਾੜੇ ਕਰਨ ਅਤੇ ਉਲਟਾ ਪੀੜਤ ਵਰਗ ’ਤੇ ਹੀ ਪੁਲੀਸ ਕੇਸ ਦਰਜ ਕਰਨ ਬਦਲੇ ਭਾਜਪਾ- ਆਰਅੇੈਸਐਸ ਦੀਆਂ ਫਿਰਕੂ- ਫਾਸ਼ੀ ਤਾਕਤਾਂ ਅਤੇ ਸੰਬੰਧਿਤ ਸੂਬਾ ਸਰਕਾਰਾਂ ਦੀ ਸਖਤ ਸ਼ਬਦਾਂ ’ਚ ਨਿਖੇਧੀ ਕੀਤੀ ਹੈ। ਇਸ ਤੋਂ ਇਲਾਵਾ ਸੁਪਰੀਮ ਕੋਰਟ ਦੇ ਹੁਕਮਾਂ ਅਤੇ ਸੰਵਿਧਾਨ ਤੇ ਅਮਨ -ਕਾਨੂੰਨ ਦੀਆਂ ਧੱਜੀਆਂ ਉਡਾਉਣ ਵਾਲੇ ਸਾਰੇ ਦੋਸ਼ੀ ਸਰਕਾਰੀ ਅਧਿਕਾਰੀਆਂ ’ਤੇ ਬਣਦੇ ਕਾਨੂੰਨੀ ਪਰਚੇ ਦਰਜ ਕਰਨ ,ਪੀੜਤਾਂ ਨੂੰ ਫੌਰੀ ਪੂਰਾ ਮੁਆਵਜ਼ਾ ਦੇਣ ਤੇ ਝੂਠੇ ਪੁਲੀਸ ਕੇਸ ਵਾਪਸ ਲੈਣ ਦੀ ਮੰਗ ਕੀਤੀ ਹੈ।