ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 11 ਜੂਨ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਚਲਾਈ ਗਈ ਜਾਗਰੂਕਤਾ ਮੁਹਿੰਮ ਤਹਿਤ ਵੱਖ-ਵੱਖ ਪਿੰਡਾਂ ਵਿੱਚ ਧਰਨੇ ਦੇ ਕੇ ਅਤੇ ਰੈਲੀਆਂ ਕਰ ਕੇ ਲੋਕਾਂ ਨੂੰ ਪਾਣੀ ਦੀ ਬੱਚਤ ਅਤੇ ਸੰਭਾਲ ਲਈ ਸੁਚੇਤ ਕੀਤਾ ਗਿਆ। ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਨੇ ਦੱਸਿਆ ਕਿ ਜਥੇਬੰਦੀ ਵੱਲੋਂ ਪਿੰਡਾਂ ਵਿੱਚ ਪੰਜ ਰੋਜ਼ਾ ਮੁਹਿੰਮ ਦੇ ਆਖ਼ਰੀ ਦਿਨ ਅੱਜ ਜ਼ਿਲ੍ਹੇ ਦੇ ਤਕਰੀਬਨ 39 ਪਿੰਡਾਂ ਵਿੱਚ ਧਰਨੇ ਦਿੰਦਿਆਂ ਰੈਲੀਆਂ ਕੀਤੀਆਂ ਗਈਆਂ।
ਸ੍ਰੀ ਘੁਡਾਣੀ ਨੇ ਦੱਸਿਆ ਕਿ ਸਰਕਾਰਾਂ ਵੱਲੋਂ ਕਿਸਾਨਾਂ ਸਿਰ ਇਹ ਦੋਸ਼ ਮੜ੍ਹਿਆ ਜਾ ਰਿਹਾ ਹੈ ਕਿ ਪਾਣੀ ਦਾ ਪੱਧਰ ਕਿਸਾਨਾਂ ਨੇ ਨੀਵਾਂ ਕੀਤਾ ਹੈ ਜੋ ਸਰਾਸਰ ਬੇਬੁਨਿਆਦ ਹੈ। ਉਨ੍ਹਾਂ ਕਿਹਾ ਕਿ ਰੇਹਾਂ, ਸਪਰੇਆਂ, ਮਸ਼ੀਨਰੀ ਤੇ ਹੋਰ ਸਾਜ਼ੋ-ਸਾਮਾਨ ਵੇਚਣ ਖ਼ਾਤਰ ਕਾਰਪੋਰੇਟ ਘਰਾਣਿਆਂ ਵੱਲੋਂ ਪੰਜਾਬ ਵਿੱਚ ਥੋਪਿਆ ਗਿਆ ਅਮਰੀਕਨ ਖੇਤੀ ਮਾਡਲ ਜ਼ਿੰਮੇਵਾਰ ਹੈ, ਜਿਸ ਤਹਿਤ ਕਾਰਪੋਰੇਟ ਘਰਾਣੇ ਅਤੇ ਕੰਪਨੀਆਂ ਆਪ ਤਾਂ ਮਾਲੋਮਾਲ ਹੋ ਗਈਆਂ ਹਨ ਜਦਕਿ ਪੰਜਾਬ ਦੇ ਵਾਤਾਵਰਨ ਅਤੇ ਪਾਣੀ ਨੂੰ ਪ੍ਰਦੂਸ਼ਤ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਲ ਨੀਤੀ ਤਹਿਤ ਡੈਮਾਂ, ਦਰਿਆਵਾਂ, ਨਦੀਆਂ, ਨਹਿਰਾਂ ਅਤੇ ਹੋਰ ਪਾਣੀ ਕਾਰਪੋਰੇਟ ਘਰਾਣਿਆਂ ਦੇ ਹੱਥ ਸੌਂਪਿਆ ਜਾ ਰਿਹਾ ਹੈ ਜਿਸ ਤਹਿਤ ਪਾਣੀ ਨੂੰ ਵਪਾਰਕ ਵਸਤੂ ਬਣਾ ਕੇ ਇਸਨੂੰ ਮਹਿੰਗੇ ਭਾਅ ’ਤੇ ਵੇਚਿਆ ਜਾਵੇਗਾ। ਇਨ੍ਹਾਂ ਧਰਨਿਆਂ ਨੂੰ ਜ਼ਿਲ੍ਹਾ ਪ੍ਰਧਾਨ ਚਰਨ ਸਿੰਘ ਨੂਰਪੁਰਾ, ਕੁਲਦੀਪ ਸਿੰਘ ਗਰੇਵਾਲ, ਰਜਿੰਦਰ ਸਿੰਘ ਸਿਆੜ੍ਹ, ਹਰਜੀਤ ਸਿੰਘ ਘਲੋਟੀ, ਮਨੋਹਰ ਸਿੰਘ ਕਲਾੜ, ਸਾਧੂ ਸਿੰਘ ਪੰਜੇਟਾ, ਬਲਵੰਤ ਸਿੰਘ ਘੁਡਾਣੀ, ਬਲਦੇਵ ਜੀਰਖ, ਰਜਿੰਦਰ ਸਿੰਘ ਖੱਟੜਾ, ਹਾਕਮ ਸਿੰਘ ਜਰਗੜੀ, ਜਗਤਾਰ ਸਿੰਘ ਚੋਮੋਂ ਅਤੇ ਮਨਜੀਤ ਕੌਰ ਕੂਹਲੀ ਨੇ ਵੀ ਸੰਬੋਧਨ ਕੀਤਾ।