ਜਸਬੀਰ ਸ਼ੇਤਰਾ
ਜਗਰਾਉਂ, 28 ਅਪਰੈਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਰ ਫਰੰਟ ’ਤੇ ਨਾਕਾਮ ਸਾਬਤ ਹੋਏ ਹਨ। ਉਨ੍ਹਾਂ ਦੀ ਅਗਵਾਈ ’ਚ ਦੇਸ਼ ਕਈ ਦਹਾਕੇ ਪਿੱਛੇ ਜਾ ਪਿਆ ਹੈ। ਕਰੋਨਾ ਦੇ ਸੰਕਟ ’ਚ ਵੀ ਮੋਦੀ ਹਕੂਮਤ ਨੇ ਲੋਕਾਂ ਨੂੰ ਮਰਨ ਅਤੇ ਕਾਲਾਬਾਜ਼ਾਰੀ ਦੀ ਮੰਡੀ ’ਚ ਖਾਜਾ ਬਣਨ ਲਈ ਛੱਡ ਦਿੱਤਾ ਹੈ। ਇਹ ਪ੍ਰਗਟਾਵਾ ਇਥੇ 210 ਦਿਨਾਂ ਤੋਂ ਚੱਲ ਰਹੇ ਕਿਸਾਨ ਸੰਘਰਸ਼ ਮੋਰਚੇ ’ਚ ਅੱਜ ਕਿਸਾਨ ਆਗੂਆਂ ਨੇ ਕੀਤਾ। ਰੇਲਵੇ ਪਾਰਕ ’ਚ ਧਰਨੇ ਸਮੇਂ ਲਖਵੀਰ ਸਿੰਘ ਸਿੱਧੂ, ਮੋਹਨ ਕੁਰੈਸ਼ੀ, ਬੀਬੀ ਮੱਲਿਕਾ ਕੁਰੈਸ਼ੀ ਨੇ ਧਾਰਮਿਕ, ਇਨਕਲਾਬੀ ਗੀਤਾਂ ਨਾਲ ਹਾਜ਼ਰੀ ਲਵਾਈ। ਕਿਸਾਨ ਆਗੂਆਂ ਦਰਸ਼ਨ ਸਿੰਘ ਗਾਲਬਿ, ਹਰਚੰਦ ਸਿੰਘ ਢੋਲਣ, ਧਰਮ ਸਿੰਘ ਸੂਜਾਪੁਰ ਦੀ ਪ੍ਰਧਾਨਗੀ ਹੇਠ ਧਰਨੇ ਦੌਰਾਨ ਦੇਸ਼ ਭਰ ’ਚ ਕਰੋਨਾ ਨੂੰ ਨੱਥਣ ਦੇ ਨਾਂ ’ਤੇ ਲੋਕਾਂ ’ਤੇ ਮੜ੍ਹੇ ਜਾ ਰਹੇ ਲੌਕਡਾਊਨ ਦੀ ਨਿਖੇਧੀ ਕੀਤੀ ਗਈ। ਲੌਕਡਾਊਨ ਵਾਪਸ ਲੈਣ ਦੀ ਮੰਗ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਸਰਕਾਰਾਂ ਦੀਆਂ ਮਾੜੀਆਂ ਕਾਰਗੁਜ਼ਾਰੀਆਂ ਕਾਰਨ ਰੋਜ਼ਾਨਾ ਵੱਡੀ ਗਿਣਤੀ ’ਚ ਲੋਕ ਮੌਤ ਦੇ ਮੂੰਹ ’ਚ ਧੱਕੇ ਜਾ ਰਹੇ ਹਨ। ਦਵਾਈਆਂ, ਆਕਸੀਜਨ ਦੀ ਭਾਰੀ ਕਮੀ ਦੇ ਚੱਲਦਿਆਂ ਲੋਕਾਂ ਨੂੰ ਮਰਨ ਲਈ ਛੱਡਿਆ ਜਾ ਰਿਹਾ ਹੈ। ਇਸ ਸਮੁੱਚੀ ਹਾਲਤ ਨੇ ਹਿਟਲਰ ਅਤੇ ਮੁਸੋਲੀਨੀ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਉਨ੍ਹਾਂ ਕਿਹਾ ਕਿ ਲੌਕਡਾਊਨ ਅਤੇ ਕਰਫਿਊ ਜਿਹੇ ਜਾਬਰ ਕਦਮਾਂ ਨਾਲ ਗਰੀਬ ਲੋਕਾਂ ਨੂੰ ਰੁਜ਼ਗਾਰਹੀਣ ਕਰਕੇ ਭੁੱਖੇ ਮਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਹਰਬੰਸ ਸਿੰਘ ਅਖਾੜਾ, ਕੰਵਲਜੀਤ ਖੰਨਾ, ਕਰਤਾਰ ਸਿੰਘ ਵੀਰਾਨ ਨੇ ਕਿਹਾ ਕਿ ਦਿੱਲੀ ਬਾਰਡਰਾਂ ’ਤੇ ਕੁਝ ਅਰਾਜਕਤਾਵਾਦੀ ਤਾਕਤਾਂ ਮੋਰਚੇ ਦੇ ਆਗੂਆਂ ਖ਼ਿਲਾਫ਼ ਪ੍ਰਚਾਰ ਕਰਕੇ ਢਾਹ ਲਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਕਿਸਾਨ ਆਗੂਆਂ ਨੇ ਅਜਿਹੇ ਤੱਤਾਂ ਨੂੰ ਆਪਣਾ ਮੂੰਹ ਅਤੇ ਹਰਕਤਾਂ ਬੰਦ ਰੱਖਣ ਦੀ ਚਿਤਾਵਨੀ ਦਿੱਤੀ। ਉਨ੍ਹਾਂ ਕਿਹਾ ਕਿ ਪਹਿਲੀ ਮਈ ਨੂੰ ਰੇਲਵੇ ਪਾਰਕ ਵਿੱਚ ਵਿਸ਼ਾਲ ਕਾਨਫਰੰਸ ਕੀਤੀ ਜਾਵੇਗੀ।
ਇਸੇ ਦੌਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਵੱਲੋਂ ਅੱਜ ਪਿੰਡ ਅੱਬੂਪੁਰਾ ਵਿੱਚ ਪਿੰਡ ਦੀ ਇਕੱਤਰਤਾ ਕੀਤੀ ਗਈ। ਇਸ ਸਮੇਂ ਇਪਟਾ ਮੋਗਾ ਦੀ ਨਾਟਕ ਟੀਮ ਨੇ ਚਰਚਿਤ ਨਾਟਕ ‘ਡਰਨਾ’ ਪੇਸ਼ ਕਰਕੇ ਕਿਸਾਨੀ ਸੰਘਰਸ਼ ਨੂੰ ਹੋਰ ਮਜਬੂਤ ਕਰਨ ਦਾ ਸੱਦਾ ਦਿੱਤਾ। ਇਸ ਮਗਰੋਂ ਜਥੇਬੰਦੀ ਦੀ ਪਿੰਡ ਇਕਾਈ ਦੀ ਚੋਣ ਕੀਤੀ ਗਈ। ਇਸ ਵਿੱਚ ਸੁਰਿੰਦਰ ਸਿੰਘ ਪ੍ਰਧਾਨ, ਪ੍ਰਧਾਨ ਗੁਰਬਚਨ ਸਿੰਘ ਸੀਨੀਅਰ ਮੀਤ ਪ੍ਰਧਾਨ, ਜਗਵਿੰਦਰ ਸਿੰਘ ਸਕੱਤਰ, ਜਗਦੀਸ਼ ਸਿੰਘ ਵਿੱਤ ਸਕੱਤਰ, ਮਨਜੀਤ ਸਿੰਘ ਪੰਚ ਪ੍ਰੈੱਸ ਸਕੱਤਰ ਚੁਣੇ ਗਏ। ਜ਼ਿਲ੍ਹਾ ਕਾਰਜਕਾਰੀ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਦੀ ਅਗਵਾਈ ’ਚ ਦਿੱਲੀ ਕਿਸਾਨ ਸੰਘਰਸ਼ ’ਚ ਪਿੰਡ ਵਿੱਚੋਂ ਵਾਰੀ ਬੰਨ੍ਹ ਕੇ ਪੂਰੇ ਜ਼ੋਰ ਸ਼ੋਰ ਨਾਲ ਸ਼ਾਮਲ ਹੋਣ ਦਾ ਫ਼ੈਸਲਾ ਕੀਤਾ ਗਿਆ।
ਖੰਨਾ (ਜੋਗਿੰਦਰ ਸਿੰਘ ਓਬਰਾਏ): ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉੁਣ ਲਈ ਕਿਸਾਨ ਲੰਮੇ ਸਮੇਂ ਤੋਂ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਰਾਜਿੰਦਰ ਸਿੰਘ ਬੈਨੀਪਾਲ ਦੀ ਅਗਵਾਈ ਹੇਠ ਇਥੋਂ ਦੇ ਰੇਲਵੇ ਸਟੇਸ਼ਨ ’ਤੇ ਲਗਾਤਾਰ ਸ਼ਾਂਤਮਈ ਸੰਘਰਸ਼ ਜਾਰੀ ਹੈ। ਇਸ ਮੌਕੇ ਦਲਜੀਤ ਸਿੰਘ ਸਵੈਚ ਅਤੇ ਕਸ਼ਮੀਰਾ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਕੁਝ ਕਾਰਪੋਰੇਟ ਘਰਾਣਿਆਂ ਨੂੰ ਖੁਸ਼ ਕਰਨ ਲਈ ਕਿਸਾਨਾਂ ਤੋਂ ਉਨ੍ਹਾਂ ਦੀਆਂ ਜ਼ਮੀਨਾਂ ਖੋਹ ਕੇ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਜਿਸ ਨਾਲ ਛੋਟੇ ਕਿਸਾਨ ਬਿਲਕੁੱਲ ਤਬਾਹ ਹੋ ਜਾਣਗੇ। ਉਹ ਦੇਸ਼ ਦੀ ਜਨਤਾ ਨੂੰ ਗੁਲਾਮੀ ਦੀਆਂ ਜ਼ੰਜੀਰਾਂ ’ਚ ਬੰਨ੍ਹਣਾ ਚਾਹੁੰਦਾ ਹੈ, ਜਿਸ ਨੂੰ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸ੍ਰੀ ਬੈਨੀਪਾਲ ਨੇ ਕਿਹਾ ਕਿ ਕਿਸਾਨ ਸੰਘਰਸ਼ ਵਿਚ ਜਾਨਾਂ ਗਵਾਉਣ ਵਾਲੇ ਸਾਥੀਆਂ ਦੀ ਸ਼ਹਾਦਤ ਨੂੰ ਵਿਅਰਥ ਨਹੀਂ ਜਾਣ ਦੇਣਗੇ, ਇਸ ਦਾ ਜਵਾਬ ਮੋਦੀ ਸਰਕਾਰ ਨੂੰ ਦੇਣਾ ਹੀ ਪਵੇਗਾ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਨਾਲ ਨਾਲ ਹਰ ਵਰਗ ਨੇ ਮਨ ਬਣਾ ਲਿਆ ਕਿ ਉਹ ਕਾਲੇ ਖੇਤੀ ਕਾਨੂੰਨ ਰੱਦ ਤੇ ਐੱਮਐੱਸਪੀ ਨੂੰ ਕਾਨੂੰਨੀ ਦਰਜਾ ਦਵਾ ਕੇ ਹੀ ਦਮ ਲੈਣਗੇ। ਕਿਸਾਨ ਅੰਦੋਲਨ ਨਾਲ ਵੱਧ ਤੋਂ ਵੱਧ ਲੋਕਾਂ ਨੂੰ ਜੋੜਨ ਲਈ ਕਿਸਾਨਾਂ ਵੱਲੋਂ ਰੋਜ਼ਾਨਾ ਸ਼ਹਿਰ ਦੀਆਂ ਵੱਖ ਵੱਖ ਥਾਵਾਂ ਤੇ ਹੱਥਾਂ ਵਿਚ ਤਖਤੀਆਂ ਫੜ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
ਕਿਸਾਨਾਂ ਨੂੰ ਦਿੱਲੀ ਸੰਘਰਸ਼ ’ਚ ਪਹੁੰਚਣ ਦਾ ਸੱਦਾ
ਸਮਰਾਲਾ (ਡੀਪੀਐੱਸ ਬਤਰਾ): ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੀ ਜ਼ਿਲਾ ਪੱਧਰੀ ਮੀਟਿੰਗ ਗੁਰਿੰਦਰ ਸਿੰਘ ਭੰਗੂ ਬੁਲਾਰਾ ਪੰਜਾਬ ਅਤੇ ਭੁਪਿੰਦਰ ਸਿੰਘ ਬਨਭੌਰਾ ਮੀਤ ਪ੍ਰਧਾਨ ਪੰਜਾਬ ਦੀ ਪ੍ਰਧਾਨਗੀ ਹੇਠ ਘੁਲਾਲ ਟੌਲ ਪਲਾਜ਼ਾ ਵਿੱਚ ਹੋਈ। ਜਿਸ ਵਿੱਚ ਜ਼ਿਲ੍ਹਾ ਰੋਪੜ ਦੇ ਪ੍ਰਧਾਨ ਗੁਰਨਾਮ ਸਿੰਘ ਜੱਸੜਾਂ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਮੀਟਿੰਗ ਦੌਰਾਨ ਦਿੱਲੀ ਵਿੱਚ ਚੱਲ ਰਹੇ ਸੰਘਰਸ਼ ਬਾਰੇ ਅਹਿਮ ਵਿਚਾਰਾਂ ਕੀਤੀਆਂ ਗਈਆਂ। ਆਪਣੇ ਸਬੰਧੋਨ ਵਿੱਚ ਗੁਰਿੰਦਰ ਸਿੰਘ ਭੰਗੂ ਨੇ ਦਿੱਲੀ ਬਾਰਡਰ ’ਤੇ ਚੱਲ ਰਹੇ ਸੰਘਰਸ਼ ਬਾਰੇ ਕਿਸਾਨ ਭਰਾਵਾਂ ਨੂੰ ਜਾਣੂ ਕਰਵਾਇਆ ਅਤੇ ਕਿਹਾ ਕਿ ਸੰਘਰਸ਼ ਜਿੱਤ ਵੱਲ ਵੱਧ ਰਿਹਾ ਹੈ ਅਤੇ ਪੁਰਜ਼ੋਰ ਅਪੀਲ ਕੀਤੀ ਕਿ ਆਪੋ ਆਪਣੇ ਪਿੰਡਾਂ ਦੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਵੱਧ ਤੋਂ ਵੱਧ ਲਾਮਬੰਦ ਕਰਕੇ ਦਿੱਲੀ ਸੰਘਰਸ਼ ਵਿੱਚ ਭੇਜਿਆ ਜਾਵੇ। ਇਸ ਮੌਕੇ ਮੁੱਖ ਬੁਲਾਰੇ ਗੁਰਿੰਦਰ ਸਿੰਘ ਭੰਗੂ ਨੇ ਜ਼ਿਲਾ ਲੁਧਿਆਣਾ-2 ਦੇ ਵੱਖ ਵੱਖ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ।