ਜਸਬੀਰ ਸ਼ੇਤਰਾ
ਜਗਰਾਉਂ, 8 ਦਸੰਬਰ
ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਪੁਰਬ ’ਤੇ ਅੱਜ ਸਥਾਨਕ ਰੇਲਵੇ ਪਾਰਕ ਦੇ ਕਿਸਾਨ ਮੋਰਚੇ ’ਚ ਨਮਨ ਕੀਤਾ ਗਿਆ। ਇਸੇ ਤਰ੍ਹਾਂ ਚੌਕੀਮਾਨ ਟੌਲ ’ਤੇ ਚੱਲਦੇ ਕਿਸਾਨ ਧਰਨੇ ’ਚ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਪੁਰਬ ਸਮਾਗਮ ਹੋਇਆ। ਸਾਹਿਤਕਾਰ ਮਾਸਟਰ ਹਰਬੰਸ ਸਿੰਘ ਅਖਾੜਾ ਨੇ ਕਿਹਾ ਕਿ ਜਿਵੇਂ ਆਖ਼ਰੀ ਮੁਗਲ ਬਾਦਸ਼ਾਹ ਔਰੰਗਜ਼ੇਬ ਨੇ ਹਿੰਦੂ ਧਰਮ ਨੂੰ ਖ਼ਤਮ ਕਰਨ ਲਈ ਕਸ਼ਮੀਰੀ ਬ੍ਰਾਹਮਣਾਂ ਦੇ ਧਾਰਮਿਕ ਚਿੰਨ੍ਹ ਲੁਹਾਉਣ ਲਈ ਮੁਹਿੰਮ ਆਰੰਭੀ ਸੀ, ਉਸੇ ਤਰ੍ਹਾਂ ਕੇਂਦਰ ਹਕੂਮਤ ਵੱਲੋਂ ਖੇਤੀ ਕਾਨੂੰਨ, ਨਾਗਰਿਕਤਾ ਸੋਧ ਕਾਨੂੰਨ ਅਤੇ ਫ਼ਿਰਕੂ ਪ੍ਰਚਾਰ ਰਾਹੀਂ ਮੁਸਲਮਾਨਾਂ ਅਤੇ ਧਾਰਮਿਕ ਘੱਟ ਗਿਣਤੀਆਂ ’ਤੇ ਜਬਰ ਢਾਹਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡੇ ਮਹਾਨ ਇਤਿਹਾਸ ਨੇ ਹੀ ਅੱਜ ਕਿਸਾਨ ਅੰਦੋਲਨ ਦੀ ਜਿੱਤ ਦਾ ਰਾਹ ਪੱਧਰਾ ਕੀਤਾ ਹੈ। ਕਿਸਾਨ ਆਗੂ ਹਰਚੰਦ ਸਿੰਘ ਢੋਲਣ, ਧਰਮ ਸਿੰਘ ਸੂਜਾਪੁਰ, ਜਗਦੀਸ਼ ਸਿੰਘ, ਕੰਵਲਜੀਤ ਖੰਨਾ, ਪ੍ਰੋ. ਸੁਖਚਰਨ ਝੋਰੜਾਂ ਨੇ ਕਿਹਾ ਕਿ ਦੇਸ਼ ਭਰ ’ਚ ਕਿਸਾਨ ਅੰਦੋਲਨ ਦੀ ਸਫ਼ਲਤਾ ਨੇ ਜੋ ਪੈੜਾਂ ਪਾਈਆਂ ਹਨ, ਉਹ ਲਾਮਿਸਾਲ ਹਨ। ਬੁਲਾਰਿਆਂ ਨੇ ਕਿਹਾ ਕਿ 12 ਦਸੰਬਰ ਨੂੰ ਪੇਂਡੂ ਮਜ਼ਦੂਰ ਜਥੇਬੰਦੀਆਂ ਵੱਲੋਂ ਦਲਿਤਾਂ ਦੀਆਂ ਮੰਗਾਂ ਦੀ ਪ੍ਰਾਪਤੀ ਲਈ ਚਾਰ ਘੰਟੇ ਦੇ ਕੀਤੇ ਜਾ ਰਹੇ ਰੇਲ ਜਾਮ ਦੀ ਸੰਯੁਕਤ ਕਿਸਾਨ ਮੋਰਚਾ ਡਟ ਕੇ ਹਮਾਇਤ ਕਰੇਗਾ। ਚੌਕੀਮਾਨ ਟੌਲ ’ਤੇ ਧਰਨੇ ਨੂੰ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ, ਕਾਮਾਗਾਟਾਮਾਰੂ ਯਾਦਗਾਰ ਕਮੇਟੀ ਤੇ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂਆਂ ਸਤਨਾਮ ਸਿੰਘ ਮੋਰਕਰੀਮਾ, ਜਸਦੇਵ ਸਿੰਘ ਲਲਤੋਂ, ਅਵਤਾਰ ਸਿੰਘ ਰਸੂਲਪੁਰ, ਕੈਪਟਨ ਕੁਲਰਾਜ ਸਿੰਘ ਸਿੱਧਵਾਂ, ਰਣਜੀਤ ਸਿੰਘ ਗੁੜੇ, ਸੂਬੇਦਾਰ ਦਵਿੰਦਰ ਸਿੰਘ ਸਵੱਦੀ ਆਦਿ ਨੇ ਸੰਬੋਧਨ ਕੀਤਾ।
ਲੁਧਿਆਣਾ (ਗੁਰਿੰਦਰ ਸਿੰਘ): ਗੁਰੂ ਤੇਗ ਬਹਾਦਰ ਦੇ ਸ਼ਹੀਦੀ ਪੁਰਬ ਮੌਕੇ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਐਮਬੀਡੀ ਮਾਲ ਬਾਹਰ ਜਾਰੀ ਪੱਕੇ ਕਿਸਾਨ ਮੋਰਚੇ ’ਤੇ ਸਮਾਗਮ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਜਰਨਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਕਲਾਂ ਨੇ ਕਿਹਾ ਕਿ ਜਬਰ ਦਾ ਮੁਕਾਬਲਾ ਸਬਰ ਦੇ ਨਾਲ ਕਰਨ ਦੀ ਇਸ ਤੋਂ ਵੱਡੀ ਕੋਈ ਮਿਸਾਲ ਨਹੀਂ ਮਿਲਦੀ। ਉਨ੍ਹਾਂ ਕਿਹਾ ਕਿ ਗੁਰੂ ਮਹਾਰਾਜ ਦੇ ਸਿਦਕ ਅਤੇ ਸਿਰੜ ਤੋਂ ਪ੍ਰੇਰਨਾ ਲੈਂਦੇ ਹੋਏ ਕਿਸਾਨਾਂ ਨੇ ਵੱਡੇ ਲੰਬੇ ਸੰਘਰਸ਼ ਨੂੰ ਸ਼ਾਨਦਾਰ ਜਿੱਤ ਤੱਕ ਲਿਜਾਣ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਗੁਰੂਆਂ ਵੱਲੋਂ ਜਾਤ-ਪਾਤ ਤੋਂ ਉੱਪਰ ਉੱਠ ਕੇ ਹੱਕੀ ਮੰਗਾਂ ਲਈ ਜਬਰ ਜ਼ੁਲਮ ਖ਼ਿਲਾਫ਼ ਲੜਨ ਤੇ ਸੰਘਰਸ਼ ਕਰਨ ਦੇ ਦੱਸੇ ਰਸਤੇ ’ਤੇ ਚੱਲਣਾ ਚਾਹੀਦਾ ਹੈ। ਇਸ ਮੌਕੇ ਦਵਿੰਦਰ ਸਿੰਘ ਘਲੋਟੀ, ਭਰਪੂਰ ਸਿੰਘ, ਅਜੀਤ ਸਿੰਘ, ਸੁਖਦੇਵ ਸਿੰਘ, ਕੇਸਰ ਸਿੰਘ, ਹਰਜੀਤ ਸਿੰਘ, ਰਣਜੀਤ ਸਿੰਘ, ਪਰਮਜੀਤ ਸਿੰਘ, ਸਮਸ਼ੇਰ ਸਿੰਘ, ਬਲਵਿੰਦਰ ਸਿੰਘ ਅਤੇ ਜਸਵੰਤ ਸਿੰਘ ਆਦਿ ਵੀ ਸ਼ਾਮਲ ਸਨ।
ਦੋਰਾਹਾ (ਜੋਗਿੰਦਰ ਸਿੰਘ ਓਬਰਾਏ): ਪੰਜਾਬੀ ਲਿਖਾਰੀ ਸਭਾ ਰਾਮਪੁਰ ਦੀ ਮਹੀਨਾਵਾਰ ਇਕੱਤਰਤਾ ਲਾਇਬ੍ਰੇਰੀ ਹਾਲ ਵਿਚ ਜਸਵੀਰ ਝੱਜ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿਚ ਸੁਖਜੀਤ ਦੀ ਅੰਗਰੇਜ਼ੀ ਵਿਚ ਅਨੁਵਾਦ ਹੋਈ ਕਹਾਣੀਆਂ ਦੀ ਪੁਸਤਕ ‘ਨਾਓ ਆਈ ਇਨਜੁਆਏ ਰੇਪ ਐਂਡ ਅਦਰ ਸਟੋਰੀਜ਼’ ਲਈ ਹਾਜ਼ਰੀਨ ਨੇ ਵਧਾਈ ਦਿੱਤੀ। ਹਾਜ਼ਰੀਨ ਨੇ ਕਿਸਾਨੀ ਸੰਘਰਸ਼ ਨੂੰ ਲੋਕਾਂ ਦੀ ਜਿੱਤ ਆਖਦਿਆਂ ਕੇਂਦਰ ਵੱਲੋਂ ਖੇਤੀ ਕਨੂੰਨ ਵਾਪਸ ਲੈਣ ਵਿਚ ਹੋਈ ਦੇਰੀ ਕਾਰਨ ਦੇਸ਼ ਨੂੰ ਆਰਥਿਕ ਨੁਕਸਾਨ ਅਤੇ ਸੰਘਰਸ਼ ਦਰਮਿਆਨ ਗਈਆਂ ਜਾਨਾਂ ਲਈ ਕੇਂਦਰ ਸਰਕਾਰ ਨੂੰ ਕਸੂਰਵਾਰ ਦੱਸਿਆ। ਸ੍ਰੀ ਝੱਜ ਨੇ ਸੰਘਰਸ਼ ਦਰਮਿਆਨ ਗਈਆਂ ਜਾਨਾਂ ਲਈ ਮੁਆਵਜ਼ਾ, ਕਿਸਾਨਾਂ ’ਤੇ ਹੋਏ ਕੇਸ ਖ਼ਤਮ ਕਰਨ ਤੇ ਹੋਰ ਮੰਗਾਂ ਸਰਕਾਰ ਨੂੰ ਪਹਿਲਾਂ ਹੀ ਮੰਨ ਲੈਣੀਆਂ ਚਾਹੀਦੀਆਂ ਸਨ।