ਜਸਬੀਰ ਸ਼ੇਤਰਾ
ਜਗਰਾਉਂ, 19 ਮਾਰਚ
ਇਥੇ ਰੇਲਵੇ ਸਟੇਸ਼ਨ ’ਤੇ ਚੱਲ ਰਿਹਾ ਕਿਸਾਨ ਸੰਘਰਸ਼ ਮੋਰਚਾ ਅੱਜ ਪੈਪਸੂ ਮੁਜਾਰਾ ਲਹਿਰ ਨੂੰ ਸਮਰਪਿਤ ਰਿਹਾ, ਜਿਸ ਵਿੱਚ ਔਰਤਾਂ ਵੀ ਭਰਵੀਂ ਗਿਣਤੀ ’ਚ ਸ਼ਾਮਲ ਹੋਈਆਂ। ਇਸ ਦੌਰਾਨ ਕਿਸਾਨ ਆਗੂਆਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਖੇਤੀ ਸਬੰਧੀ ਕਾਲੇ ਕਾਨੂੰਨਾਂ ਨੂੰ ਟੇਢੇ ਢੰਗ ਨਾਲ ਲਾਗੂ ਕਰਨ ਦੀ ਇਜਾਜ਼ਤ ਨਹੀਂ ਦੇਵੇਗਾ। ਉਨ੍ਹਾਂ ਕਿਹਾ ਕਿ ਐੱਫਸੀਆਈ ਕਿਸਾਨਾਂ ਤੋਂ ਜ਼ਮੀਨਾਂ ਦੀਆਂ ਫਰਦਾਂ ਮੰਗ ਕੇ ਹਜ਼ਾਰਾਂ ਲੱਖਾਂ ਕਿਸਾਨਾਂ ਤੋਂ ਉਨ੍ਹਾਂ ਦੀਆਂ ਫ਼ਸਲਾਂ ਖਰੀਦਣ ਤੋਂ ਹੱਥ ਪਿੱਛੇ ਖਿੱਚਣਾ ਚਾਹੁੰਦੀ ਹੈ, ਜਿਸ ਨੂੰ ਕਦੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਦੌਰਾਨ ਕਿਸਾਨਾਂ ਨੇ ਪ੍ਰਧਾਨ ਮੰਤਰੀ ਦੇ ਨਾਮ ਇਕ ਮੰਗ ਪੱਤਰ ਵੀ ਪ੍ਰਸ਼ਾਸਨਿਕ ਅਧਿਕਾਰੀ ਨੂੰ ਸੌਂਪਿਆ। ਰੇਲਵੇ ਪਾਰਕ ਧਰਨੇ ’ਚ ਬੋਲਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਸੱਕਤਰ ਜਗਤਾਰ ਸਿੰਘ ਦੇਹੜਕਾ ਨੇ ਪੈਪਸੂ ਦੀ ਮੁਜਾਰਾ ਲਹਿਰ ਦੇ ਸ਼ਾਨਾਮੱਤੇ ਇਤਿਹਾਸ ’ਤੇ ਚਾਨਣਾ ਪਾਇਆ। ਦੋ ਮਿੰਟ ਦਾ ਮੌਨ ਧਾਰ ਕੇ ਮੁਜਾਰਾ ਲਹਿਰ ਅਤੇ ਦਿੱਲੀ ਕਿਸਾਨ ਸੰਘਰਸ਼ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਬੁਲਾਰਿਆਂ ’ਚ ਕਿਸਾਨ ਆਗੂ ਹਰਦੇਵ ਸਿੰਘ ਸੰਧੂ, ਇੰਦਰਜੀਤ ਸਿੰਘ ਧਾਲੀਵਾਲ, ਕੰਵਲਜੀਤ ਖੰਨਾ, ਬਲਰਾਜ ਸਿੰਘ ਕੋਟਉਮਰਾ, ਅਵਤਾਰ ਸਿੰਘ ਬਿੱਲਾ, ਦੇਵ ਰਾਜ, ਪੈਨਸ਼ਨਰਜ਼ ਯੂਨੀਅਨ ਆਗੂ ਅਵਤਾਰ ਸਿੰਘ ਗਗੜਾ ਸ਼ਾਮਲ ਸਨ। ਇਸ ਸਮੇਂ 23 ਮਾਰਚ ਦੇ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦੀ ਯਾਦ ’ਚ ਸ਼ਹੀਦੀ ਸਮਾਗਮ ਅਤੇ 26 ਮਾਰਚ ਦੇ ਭਾਰਤ ਬੰਦ ’ਚ ਵੱਧ ਚੜ੍ਹ ਕੇ ਭਾਗ ਲੈਣ ਦਾ ਐਲਾਨ ਕੀਤਾ ਗਿਆ। ਧਰਨੇ ’ਚ ਜਗਤਾਰ ਸਿੰਘ ਤਾਰੀ, ਕੁਲਦੀਪ ਸਿੰਘ ਸਹੋਤਾ, ਸੁਖਦੀਪ ਸਿੰਘ ਰਸੂਲਪੁਰ, ਤਰਸੇਮ ਸਿੰਘ ਬੱਸੂਵਾਲ ਮੌਜੂਦ ਸਨ।
ਖੰਨਾ (ਜੋਗਿੰਦਰ ਸਿੰਘ ਓਬਰਾਏ): ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉੁਣ ਲਈ ਕਿਸਾਨ ਪਿਛਲੇ ਲੰਬੇ ਸਮੇਂ ਤੋਂ ਇਥੋਂ ਦੇ ਰੇਲਵੇ ਸਟੇਸ਼ਨ ’ਤੇ ਲਗਾਤਾਰ ਸ਼ਾਂਤਮਈ ਸੰਘਰਸ਼ ਕਰ ਰਹੇ ਹਨ। ਅੱਜ ਦੇ ਧਰਨੇ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਰਾਜਿੰਦਰ ਸਿੰਘ ਬੈਨੀਪਾਲ ਨੇ ਕਿਹਾ ਕਿ ਕੇਂਦਰ ਸਰਕਾਰ ਲੋਕ ਮਾਰੂ ਨੀਤੀਆਂ ਲਾਗੂ ਕਰਕੇ ਹਰ ਵਰਗ ਦੇ ਲੋਕਾਂ ਦੀ ਰੋਜ਼ੀ ਰੋਟੀ ਖੋਹਣ ਦਾ ਯਤਨ ਕਰ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੌਜੁੂਦਾ ਸਮੇਂ ਦੇ ਔਰੰਗਜੇਬ ਸਾਬਤ ਹੋ ਰਹੇ ਹਨ, ਜੋ ਦੇਸ਼ ਦੀ ਜਨਤਾ ਨੂੰ ਗੁਲਾਮੀ ਦੀਆਂ ਜ਼ੰਜੀਰਾਂ ’ਚ ਜਕੜਨਾ ਚਾਹੁੰਦਾ ਹੈ। ਇਸ ਮੌਕੇ ਕਸ਼ਮੀਰਾ ਸਿੰਘ ਅਤੇ ਜਗਜੀਤ ਸਿੰਘ ਨੇ ਸੰਯੁਕਤ ਕਿਸਾਨ ਵੱਲੋਂ 26 ਮਾਰਚ ਨੂੰ ਭਾਰਤ ਬੰਦ ਸੱਦੇ ਦਾ ਸਮਰਥਨ ਕਰਦਿਆਂ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਕਾਲੇ ਕਾਨੂੰਨ ਵਾਪਸ ਨਹੀਂ ਲੈਂਦੀ ਕਿਸਾਨ ਦਿੱਲੀ ਦੇ ਬਾਰਡਰਾਂ ਤੋਂ ਉੱਠਣ ਵਾਲੇ ਨਹੀਂ। ਇਸ ਦੌਰਾਨ ਉਨ੍ਹਾਂ ਨੌਜਵਾਨਾਂ ਨੂੰ ਇਕਜੁੱਟ ਹੋਣ ਦੀ ਵੀ ਅਪੀਲ ਕੀਤੀ।
ਲੁਧਿਆਣਾ (ਸਤਵਿੰਦਰ ਬਸਰਾ): ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਦਾ ਫਿਰੋਜ਼ਪੁਰ-ਲੁਧਿਆਣਾ ਮਾਰਗ ’ਤੇ ਚੱਲ ਰਿਹਾ ਮੋਰਚਾ ਪੈਪਸੂ ਮੁਜਾਰਾ ਲਹਿਰ ਦੇ ਸ਼ਹੀਦਾਂ ਨੂੰ ਸਮਰਪਿਤ ਰਿਹਾ। ਅੱਜ ਦੇ ਸਮਾਗਮ ਸਬੰਧੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸਥਾਨਕ ਆਗੂ ਭਰਪੂਰ ਸਿੰਘ ਥਰੀਕੇ ਅਤੇ ਕਰਮਜੀਤ ਸਿੰਘ ਦਾਖਾ ਨੇ ਦੱਸਿਆ ਕਿ ਮੌਜੂਦਾ ਲੋਕ ਸੰਘਰਸ਼ ਨੂੰ ਜਿੱਤ ਤੱਕ ਪਹੁੰਚਾਉਣ ਲਈ ਲੋਕ ਲਾਮਬੰਦੀ ਹੋਰ ਵਡੇਰੀ ਕਰਨ ਵਾਸਤੇ ਜਥੇਬੰਦੀਆਂ ਦੇ ਤੈਅ ਕੀਤੇ ਪ੍ਰੋਗਰਾਮਾਂ ਵਿੱਚ ਸੁਨਾਮ ’ਚ ਨੌਜਵਾਨ ਵਿਸ਼ਾਲ ਰੈਲੀ, ਖਟਕੜ ਕਲਾਂ ਰੈਲੀ, ਟਿਕਰੀ ਬਾਰਡਰ (ਦਿੱਲੀ) ’ਤੇ 23 ਮਾਰਚ ਨੂੰ ਸ਼ਹੀਦਾਂ ਦੇ ਸੁਨੇਹੇ ਲੋਕਾਂ ਤੱਕ ਪਹੁੰਚਾਏ ਜਾਣਗੇ, ਜਿੰਨਾ ਚਿਰ ਸਰਕਾਰ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਨਹੀਂ ਕਰਦੀ ਓਨਾ ਚਿਰ ਸੰਘਰਸ਼ ਨੂੰ ਪੂਰੀ ਦ੍ਰਿੜ੍ਹਤਾ ਨਾਲ ਲੜਿਆ ਜਾਵੇਗਾ। ਅੱਜ ਦੇ ਇਸ ਧਰਨੇ ਵਿੱਚ ਕਸਤੂਰੀ ਲਾਲ ਵਿੱਤ ਸਕੱਤਰ ਪਲਸ ਮੰਚ, ਨਿਰਮਲ ਸਿੰਘ ਜਸਵੰਤ ਸਿੰਘ, ਬਿਕਰਮ ਸਿੰਘ, ਗੁਰਦੇਵ ਸਿੰਘ, ਜਰਨੈਲ ਸਿੰਘ, ਸੱਜਣ ਸਿੰਘ, ਜਸਵੰਤ ਸਿੰਘ ਅਤੇ ਪਰਮਜੀਤ ਕੌਰ ਨੇ ਸੰਬੋਧਨ ਕੀਤਾ।
ਰਾਏਕੋਟ (ਰਾਮ ਗੋਪਾਲ ਰਾਏਕੋਟੀ): ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ’ਤੇ ਅੱਜ ਦਾਣਾ ਮੰਡੀ ਰਾਏਕੋਟ ਵਿੱਚ ਕਿਸਾਨਾਂ, ਆੜ੍ਹਤੀਆਂ, ਮਜ਼ਦੂਰਾਂ, ਵਪਾਰੀਆਂ, ਟਰੱਕ ਯੂਨੀਅਨ ਤੇ ਪੈਟਰੋਲ ਪੰਪਾਂ ਨਾਲ ਸਬੰਧਤ ਜਥੇਬੰਦੀਆਂ ਦੇ ਆਗੂਆਂ ਵੱਲੋਂ ਮੋਦੀ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਵਿਰੁੱਧ ਸਾਂਝੀ ਰੈਲੀ ਕੀਤੀ ਗਈ।
ਬੀਬੀਆਂ ਵੱਲੋਂ ਚੁੱਲ੍ਹਾ ਛੱਡ ਟਰੈਕਟਰ ਦਾ ਸਟੇਅਰਿੰਗ ਸਾਂਭਣ ਦਾ ਐਲਾਨ
ਗੁਰੂਸਰ ਸੁਧਾਰ (ਸੰਤੋਖ ਗਿੱਲ): ਕਿਲਾ ਰਾਏਪੁਰ ਵਿਚ ਅਡਾਨੀਆਂ ਦੀ ਖ਼ੁਸ਼ਕ ਬੰਦਰਗਾਹ ਅੱਗੇ ਚੱਲ ਰਹੇ ਲੜੀਵਾਰ ਧਰਨੇ ਵਿਚ ਮੁਜਾਰਾ ਲਹਿਰ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਜਨਵਾਦੀ ਇਸਤਰੀ ਸਭਾ ਦੀ ਸੂਬਾ ਪ੍ਰਧਾਨ ਪ੍ਰੋਫੈਸਰ ਸੁਰਿੰਦਰ ਕੌਰ ਨੇ ਕਿਹਾ ਕਿ ਚੁੱਲ੍ਹਾ ਚੌਕਾ ਛੱਡ ਕੇ ਹੁਣ 21 ਮਾਰਚ ਨੂੰ ਭੈਣਾਂ ਟਰੈਕਟਰ ਦਾ ਸਟੇਅਰਿੰਗ ਸੰਭਾਲਨਗੀਆਂ। ਭੈਣ ਕਰਮਜੀਤ ਕੌਰ, ਪਰਮਜੀਤ ਕੌਰ ਅਤੇ ਸੁਖਵਿੰਦਰ ਕੌਰ ਦੀ ਅਗਵਾਈ ਵਿਚ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਪ੍ਰੋਫੈਸਰ ਸੁਰਿੰਦਰ ਕੌਰ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਕਿਸਾਨ ਆਗੂ ਤੇਜਾ ਸਿੰਘ ਸੁਤੰਤਰ, ਹਰਨਾਮ ਸਿੰਘ ਚਮਕ, ਸੇਵਾ ਸਿੰਘ ਠੀਕਰੀਵਾਲ, ਵਧਾਵਾ ਰਾਮ, ਡਾਕਟਰ ਭਾਗ ਸਿੰਘ ਅਤੇ ਕਾਮਰੇਡ ਛੱਜੂ ਮੱਲ ਵੈਦ ਸਮੇਤ ਉਨ੍ਹਾਂ ਦੇ ਅਨੇਕਾਂ ਸਾਥੀਆਂ ਨੇ ਵੱਡੀਆਂ ਕੁਰਬਾਨੀਆਂ ਕਰ ਕੇ ਕਿਸਾਨ ਨੂੰ ਜ਼ਮੀਨਾਂ ਦੇ ਮਾਲਕੀ ਹੱਕ ਦਿਵਾਏ ਸਨ। ਮੋਦੀ ਸਰਕਾਰ ਮੁੜ ਕਿਸਾਨਾਂ ਤੋਂ ਜ਼ਮੀਨਾਂ ਖੋਹ ਕੇ ਕਾਰਪੋਰੇਟ ਘਰਾਣਿਆਂ ਨੂੰ ਦੇਣਾ ਚਾਹੁੰਦੀ ਹੈ, ਜਿਸ ਨੂੰ ਕਦੇ ਸਫਲ ਨਹੀਂ ਹੋਣ ਦਿਆਂਗੇ। ਉਨ੍ਹਾਂ ਐਲਾਨ ਕੀਤਾ ਕਿ 21 ਮਾਰਚ ਨੂੰ ਇਸੇ ਸਥਾਨ ਤੋਂ ਇਲਾਕੇ ਵਿੱਚ ਔਰਤਾਂ ਵੱਲੋਂ ਟਰੈਕਟਰ ਮਾਰਚ ਕੀਤਾ ਜਾਵੇਗਾ।