ਸੰਤੋਖ ਗਿੱਲ
ਗੁਰੂਸਰ ਸੁਧਾਰ, 6 ਮਈ
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਅਨੁਸਾਰ 8 ਮਈ ਨੂੰ ਦੁਕਾਨਦਾਰਾਂ ਅਤੇ ਹੋਰ ਵਪਾਰਿਕ ਅਦਾਰਿਆਂ ਦੇ ਮਾਲਕਾਂ ਨੂੰ ਨਾਲ ਲੈ ਕੇ ਬਾਜ਼ਾਰ ਅਤੇ ਹੋਰ ਵਪਾਰਕ ਅਦਾਰੇ ਖੁਲ੍ਹਵਾਏ ਜਾਣਗੇ। ਕਿਲ੍ਹਾ ਰਾਏਪੁਰ ਵਿਚ ਅਡਾਨੀਆਂ ਦੀ ਖ਼ੁਸ਼ਕ ਬੰਦਰਗਾਹ ਸਾਹਮਣੇ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਦੇ ਸੂਬਾਈ ਆਗੂ ਜਗਤਾਰ ਸਿੰਘ ਚਕੋਹੀ ਨੇ ਕਿਹਾ ਕਿ ਮੋਦੀ ਹਕੂਮਤ ਲੋਕਾਂ ਤੋਂ ਸਿਹਤ, ਸਿੱਖਿਆ ਅਤੇ ਰੁਜ਼ਗਾਰ ਖੋਹਣ ‘ਤੇ ਤੁਲੀ ਹੋਈ ਹੈ। ਵਿਵਾਦਿਤ ਖੇਤੀ ਕਾਨੂੰਨਾਂ, ਕਾਰਪੋਰੇਟ ਘਰਾਣਿਆਂ ਅਤੇ ਮੋਦੀ ਸਰਕਾਰ ਵਿਰੁੱਧ ਕਿਲ੍ਹਾ ਰਾਏਪੁਰ ਵਿਚ ਅਡਾਨੀਆਂ ਦੀ ਖ਼ੁਸ਼ਕ ਬੰਦਰਗਾਹ ਸਾਹਮਣੇ ਜਾਰੀ ਲੜੀਵਾਰ ਧਰਨੇ ਦੀ ਅਗਵਾਈ ਕੁਲਜੀਤ ਕੌਰ ਢਿੱਲੋਂ, ਸੁਖਵਿੰਦਰ ਕੌਰ ਅਤੇ ਪਰਮਜੀਤ ਕੌਰ ਨੇ ਕੀਤੀ। ਕਿਸਾਨ ਆਗੂ ਨੇ ਮੰਗ ਕੀਤੀ ਕਿ ਸਰਕਾਰ ਬਿਨਾ ਸ਼ਰਤ ਕਿਸਾਨਾਂ ਨਾਲ ਗੱਲ-ਬਾਤ ਸ਼ੁਰੂ ਕਰ ਕੇ ਵਿਵਾਦਿਤ ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ ਕਰੇ।
ਰਾਏਕੋਟ (ਰਾਮ ਗੋਪਾਲ ਰਾਏਕੋਟੀ): ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ’ਤੇ 8 ਮਈ ਨੂੰ ਲਾਕਡਾਉਨ ਦੇ ਵਿਰੋਧ ਵਿੱਚ ਕਿਸਾਨ ਤੇ ਮਜ਼ਦੂਰ ਸਾਂਝੇ ਤੌਰ ’ਤੇ ਦੁਕਾਨਾਂ ਖੁਲ੍ਹਵਾਉਣ ਲਈ ਦੁਕਾਨਦਾਰਾਂ ਦਾ ਸਾਥ ਦੇਣਗੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਕਿਸਾਨ ਯੂਨੀਅਨ ਦੇ ਆਗੂ ਡਾ. ਗੁਰਚਰਨ ਸਿੰਘ ਬੜਿੰਗ, ਕੁਲ ਹਿੰਦ ਕਿਸਾਨ ਸਭਾ ਹਨਨਮੁੱਲਾ ਦੇ ਮੁਖਤਿਆਰ ਸਿੰਘ ਜਲਾਲਦੀਵਾਲ, ਫਕੀਰ ਚੰਦ ਦਧਾਹੂਰ, ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਹਰਦੇਵ ਸਿੰਘ ਸੰਧੂ, ਹਰਨੇਕ ਸਿੰਘ ਅੱਚਰਵਾਲ, ਕਿਰਤੀ ਕਿਸਾਨ ਯੂਨੀਅਨ ਦੇ ਤਰਲੋਚਨ ਸਿੰਘ ਝੋਰੜਾਂ, ਨਵ ਨਿਰਮਾਣ ਯੂਨੀਅਨ ਦੇ ਆਗੂ ਗੁਰਦੀਪ ਸਿੰਘ ਕਲਸੀ, ਏਟਕ ਦੇ ਕਰਤਾਰ ਰਾਮ, ਮਜ਼ਦੂਰ ਯੂਨੀਅਨ ਦੇ ਆਗੂ ਹਰਬੰਸ ਸਿੰਘ ਲੋਹਟਬਦੀ ਨੇ ਸਾਂਝੇ ਤੌਰ ’ਤੇ ਕਿਹਾ ਕਿ ਸਰਕਾਰ ਵੱਲੋਂ ਲੌਕਡਾਊਨ ਲਾ ਕੇ ਕੁੱਝ ਦੁਕਾਨਾਂ ਖੋਲ੍ਹਣਾ ਅਤੇ ਬਾਕੀਆਂ ਨੂੰ ਤਾਲੇ ਲਗਵਾ ਦੇਣ ਨਾਲ ਕਰੋਨਾ ਦਾ ਹੱਲ ਨਹੀਂ ਹੋਣਾ। ਆਗੂਆਂ ਨੇ ਕਿਹਾ ਕਿ 8 ਮਈ ਨੂੰ ਸਥਾਨਕ ਲੇਵਰ ਚੌਕ ’ਚ ਸਵੇਰੇ ਨੌਂ ਵਜੇ ਇਕੱਠੇ ਹੋ ਕੇ ਦੁਕਾਨਾਂ ਖੁਲ੍ਹਵਾਉਣ ਲਈ ਸ਼ਹਿਰ ’ਚ ਮਾਰਚ ਕੀਤਾ ਜਾਵੇਗਾ। ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸੀਨੀਅਰ ਸੂਬਾ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ ਤੇ ਬਲਾਕ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਨੇ ਕਿਹਾ ਕਿ ਇਨ੍ਹਾਂ ਦੁਕਾਨਦਾਰਾਂ ਨੇ ਕਿਸਾਨਾਂ ਦੇ ਬੰਦ ਦੇ ਸੱਦੇ ’ਤੇ ਭਰਪੂਰ ਸਾਥ ਦਿੱਤਾ ਸੀ ਤੇ ਹੁਣ ਉਨ੍ਹਾਂ ਦੀ ਵਾਰੀ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਜਥੇਬੰਦੀ 7 ਮਈ ਨੂੰ ਰਾਏਕੋਟ ਵਿੱਚ ਲਾਮਬੰਦੀ ਮੀਟਿੰਗ ਕਰੇਗੀ।
ਪਾਇਲ (ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਸਾਧੂ ਸਿੰਘ ਪੰਜੇਟਾ, ਸੁਦਾਗਰ ਸਿੰਘ ਘੁਡਾਣੀ, ਬਲਦੇਵ ਸਿੰਘ ਜੀਰਖ, ਜਗਤਾਰ ਸਿੰਘ ਚੋਮੋ, ਬਲਵੰਤ ਸਿੰਘ ਘੁਡਾਣੀ, ਲਾਡੀ ਉਕਸੀ ਨੇ ਦੱਸਿਆ ਕਿ ਭਾਜਪਾ ਤੇ ਕੈਪਟਨ ਸਰਕਾਰ ਰਲੇ-ਮਿਲੇ ਏਜੰਡੇ ਤਹਿਤ ਦੁਕਾਨਦਾਰਾਂ ਤੇ ਆਮ ਲੋਕਾਂ ਨੂੰ ਬੇਲੋੜਾ ਪ੍ਰੇਸ਼ਾਨ ਕਰ ਰਹੀਆਂ ਹਨ। ਦੁਕਾਨਾਂ ਜਬਰੀ ਬੰਦ ਕਰਵਾ ਕੇ ਉਨ੍ਹਾਂ ਦੀ ਰੋਜ਼ੀ-ਰੋਟੀ ਖੋਹ ਰਹੀਆਂ ਹਨ। ਬੇਲੋੜੇ ਲੌਕਡਾਊਨ ਰਾਹੀਂ ਕਿਰਤੀਲੲ ਦਾ ਰੁਜ਼ਗਾਰ ਖੋਹਿਆ ਜਾ ਰਿਹਾ ਹੈ, ਦਿਹਾੜੀ ਕਰਨ ਵਾਲਿਆਂ ਨੂੰ ਰੋਟੀ ਦੀ ਚਿੰਤਾ ਵੱਢ-ਵੱਢ ਖਾ ਰਹੀ ਹੈ। ਉਨ੍ਹਾਂ ਸਮੁੱਚੇ ਦੁਕਾਨਦਾਰਾਂ, ਵਪਾਰੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਕਾਰੋਬਾਰ 8 ਮਈ ਨੂੰ ਖੋਲ੍ਹ ਕੇ ਸਰਕਾਰ ਦੀਆਂ ਦਮਨਕਾਰੀ ਨੀਤੀਆਂ ਦਾ ਡਟਵਾਂ ਵਿਰੋਧ ਕਰਨ, ਉਨ੍ਹਾਂ ਦੀ ਇਸ ਲੜਾਈ ਦਾ ਕਿਸਾਨ-ਮਜ਼ਦੂਰ ਡਟ ਕੇ ਸਾਥ ਦੇਣਗੇ। ਆਗੂਆਂ ਨੇ ਸਮੁੱਚੇ ਕਿਸਾਨਾਂ ਮਜ਼ਦੂਰਾਂ ਨੂੰ ਜਥੇਬੰਦ ਹੋ ਕੇ ਸਰਕਾਰੀ ਚਾਲਾਂ ਨੂੰ ਪਛਾੜ ਕੇ ਇਸ ਹੱਕੀ ਸੰਘਰਸ਼ ਦੀ ਡੱਟਵੀ ਹਮਾਇਤ ਕਰਨ ਦਾ ਸੱਦਾ ਦਿੱਤਾ।
ਲੁਧਿਆਣਾ (ਖੇਤਰੀ ਪ੍ਰਤੀਨਿਧ): ਫਾਸ਼ੀ ਹਮਲੇ ਵਿਰੋਧੀ ਫਰੰਟ ਦੀ ਮੀਟਿੰਗ ਇੰਨਕਲਾਬੀ ਕੇਂਦਰ ਪੰਜਾਬ ਦੇ ਕਨਵੀਨਰ ਕੰਵਲਜੀਤ ਖੰਨਾ ਦੀ ਪ੍ਰਧਾਨਗੀ ਹੇਠ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਲੁਧਿਆਣਾ ਵਿੱਚ ਹੋਈ। ਮੀਟਿੰਗ ਵਿੱਚ ਫ਼ੈਸਲਾ ਕੀਤਾ ਗਿਆ ਕਿ 8 ਮਈ ਨੂੰ ਜੋ ਸੰਯੁਕਤ ਕਿਸਾਨ ਮੋਰਚੇ ਵੱਲੋਂ ਲਾਕਡਾਊਨ ਦੀ ਵਿਰੋਧਤਾ ਕੀਤੀ ਜਾ ਰਹੀ ਹੈ। ਉਸਦੇ ਮੱਦੇਨਜ਼ਰ ਫਾਸ਼ੀਵਾਦੀ ਹਮਲੇ ਵਿਰੋਧੀ ਫਰੰਟ ਵੱਲੋਂ ਕਿਸਾਨਾਂ , ਦੁਕਾਨਦਾਰਾਂ, ਵਪਾਰੀਆਂ ਦਾ ਇਨ੍ਹਾਂ ਪ੍ਰਦਰਸ਼ਨਾਂ ਵਿਚ ਭਰਪੂਰ ਸਮਰਥਨ ਕੀਤਾ ਜਾਵੇਗਾ। ਆਗੂਆਂ ਨੇ ਕਿਹਾ ਕਿ ਕੇਂਦਰ ਦੀ ਸਰਕਾਰ ਨੇ ਇਕ ਸਾਲ ਬੀਤਣ ਮਗਰੋਂ ਵੀ ਕਰੋਨਾ ਦੀ ਰੋਕਥਾਮ ਲਈ ਕੋਈ ਉਪਰਾਲੇ ਨਹੀਂ ਕੀਤੇ। ਆਕਸੀਜਨ ਦੀ ਘਾਟ ਨਾਲ ਲੋਕ ਮਰ ਰਹੇ ਹਨ।