ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 28 ਜੁਲਾਈ
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਬੀਕੇਯੂ ਏਕਤਾ (ਡਕੌਂਦਾ) ਨੇ 31 ਜੁਲਾਈ ਦੇ ਰੇਲ ਰੋਕੋ ਪ੍ਰੋਗਰਾਮ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਜਗਰਾਉਂ ਰੇਲਵੇ ਸਟੇਸ਼ਨ ’ਤੇ ਇਕੱਤਰ ਹੋ ਕੇ ਕਿਸਾਨ ਰੇਲਾਂ ਦਾ ਚੱਕਾ ਜਾਮ ਕਰਨਗੇ। ਇਸ ਪ੍ਰੋਗਰਾਮ ਦੀ ਤਿਆਰੀ ਨੂੰ ਅੰਤਿਮ ਛੋਹਾਂ ਦੇਣ ਲਈ ਹੋਈ ਇਕੱਤਰਤਾ ’ਚ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਤੇ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਨ ’ਤੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਜਗਰਾਉਂ ਰੇਲਵੇ ਸਟੇਸ਼ਨਾਂ ’ਤੇ ਮੋਰਚੇ ’ਚ ਸ਼ਾਮਲ ਸਾਰੀਆਂ ਕਿਸਾਨ ਜਥੇਬੰਦੀਆਂ ਕਿਸਾਨੀ ਮੰਗਾਂ ਨੂੰ ਲੈ ਕੇ ਰੇਲਾਂ ਜਾਮ ਕਰਨਗੀਆਂ। ਉਨ੍ਹਾਂ ਦੱਸਿਆ ਕਿ ਜਗਰਾਉਂ, ਸਿੱਧਵਾਂ ਬੇਟ, ਰਾਏਕੋਟ, ਹੰਬੜਾਂ ਬਲਾਕ ਰੇਲਵੇ ਸਟੇਸ਼ਨ ਜਗਰਾਉਂ ’ਤੇ ਸਵੇਰੇ 11 ਵਜੇ ਤੋਂ 2 ਵਜੇ ਤਕ ਭਾਗ ਲੈਣਗੇ। ਇਸ ਮੌਕੇ ਮੁੱਖ ਮੰਤਰੀ ਦੇ ਘਰ ਅੱਗੇ ਧਰਨਾ ਦੇ ਰਹੇ ਬੇਰੁਜ਼ਗਾਰਾਂ ’ਤੇ ਅੰਨ੍ਹੇਵਾਹ ਲਾਠੀਚਾਰਜ ਦੀ ਨਿੰਦਾ ਕੀਤੀ ਗਈ। ਮੀਟਿੰਗ ’ਚ ਜਗਤਾਰ ਸਿੰਘ ਦੇਹੜਕਾ, ਸੁਖਵਿੰਦਰ ਸਿੰਘ ਹੰਬੜਾਂ, ਹਰਜੀਤ ਸਿੰਘ ਜਨੇਤਪੁਰਾ, ਤਾਰਾ ਸਿੰਘ ਅੱਚਰਵਾਲ, ਧਰਮ ਸਿੰਘ ਸੂਜਾਪੁਰ, ਮਨਜਿੰਦਰ ਸਿੰਘ ਮੋਰਕਰੀਮਾਂ, ਤਰਸੇਮ ਸਿੰਘ ਬੱਸੂਵਾਲ ਆਦਿ ਹਾਜ਼ਰ ਸਨ।
ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਵੱਲੋਂ ਵੀ ਲਾਮਬੰਦੀ
ਇਸ ਦੌਰਾਨ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਨੇ ਰੇਲੇ ਪ੍ਰੋਗਰਾਮ ਦੀ ਲਾਮਬੰਦੀ ਲਈ ਅੱਜ ਬਿਰਕ, ਬਰਸਾਲ, ਸੰਗਤਪੁਰਾ, ਢੈਪਈ, ਤਲਵੰਡੀ ਕਲਾਂ, ਮੋਰਕਰੀਮਾ ਆਦਿ ਵਿੱਚ ਨੁੱਕੜ ਮੀਟਿੰਗਾਂ ਕੀਤੀਆਂ। ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ, ਸਕੱਤਰ ਮਾਸਟਰ ਜਸਦੇਵ ਸਿੰਘ ਲਲਤੋਂ, ਨੰਬਰਦਾਰ ਮਨਮੋਹਣ ਸਿੰਘ ਪੰਡੋਰੀ, ਅਵਤਾਰ ਸਿੰਘ ਬਿੱਲੂ, ਪਵਨਦੀਪ ਸਿੰਘ ਕੁਲਾਰ ਆਦਿ ਨੇ ਕਿਸਾਨਾਂ ਨੂੰ ਚੱਕਾ ਜਾਮ ਪ੍ਰੋਗਰਾਮ ’ਚ ਸ਼ਾਮਲ ਹੋਣ ਲਈ ਪ੍ਰੇਰਿਆ।