ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 15 ਮਈ
ਸ਼ਹੀਦ ਭਗਤ ਸਿੰਘ ਅਤੇ ਰਾਜਗੁਰੂ ਨਾਲ ਦੇਸ਼ ਦੀ ਆਜ਼ਾਦੀ ਲਈ ਫਾਂਸੀ ਚੜ੍ਹੇ ਸ਼ਹੀਦ ਸੁਖਦੇਵ ਦਾ ਜਨਮ ਦਿਹਾੜਾ ਇਥੇ ਕਿਸਾਨ ਮੋਰਚੇ ’ਚ ਮਨਾਇਆ ਗਿਆ। ਸ਼ਹੀਦ ਸੁਖਦੇਵ ਦੀ ਤਸਵੀਰ ’ਤੇ ਨਾਅਰਿਆਂ ਦੀ ਗੂੰਜ ’ਚ ਕਿਸਾਨ ਆਗੂਆਂ ਨੇ ਫੁੱਲ ਭੇਟ ਕੀਤੇ। ਰੇਲਵੇ ਪਾਰਕ ’ਚ ਚੱਲ ਰਹੇ ਕਿਸਾਨਾਂ ਦੇ ਧਰਨੇ ਦੌਰਾਨ ਸ਼ਹੀਦ ਭਗਤ ਸਿੰਘ ਦੇ ਭਤੀਜੇ ਅਭੈ ਸਿੰਘ ਸੰਧੂ, ਮੁਲਾਜ਼ਮ ਲਹਿਰ ਦੇ ਸਿਰਕੱਢ ਆਗੂ ਸੱਜਣ ਸਿੰਘ ਦੇ ਵਿਛੋੜੇ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਦੋ ਮਿੰਟ ਦਾ ਮੌਨ ਰੱਖਿਆ ਗਿਆ। ਇਸ ਦੌਰਾਨ ਬੁਲਾਰਿਆਂ ਨੇ ਸ਼ਹੀਦ ਸੁਖਦੇਵ ਨੂੰ ਯਾਦ ਕਰਦਿਆਂ ਕਿਹਾ ਕਿ 23 ਮਾਰਚ ਨੂੰ ਸ਼ਹਾਦਤ ਦਾ ਜਾਮ ਪੀ ਗਏ ਯੋਧੇ ਦੀ ਕੁਰਬਾਨੀ ਅੱਜ ਸਾਡੇ ਲਈ, ਕਿਸਾਨ ਲਹਿਰ ਲਈ ਪ੍ਰੇਰਨਾ ਸਰੋਤ ਹੈ। ਲੋਕ ਆਗੂ ਕੰਵਲਜੀਤ ਖੰਨਾ ਨੇ ਕਿਹਾ ਕਿ ਸ਼ਹੀਦ ਸੁਖਦੇਵ ਦੇ ਸੁਪਨਿਆਂ ਦਾ ਸਮਾਜਵਾਦ ਨਹੀਂ ਉਸਰਿਆ। ਸ਼ਹੀਦ ਸੁਖਦੇਵ ਨੇ ਇਨਕਲਾਬ ਰਾਹੀਂ ਗੁਲਾਮੀ ਦਾ ਫਸਤਾ ਵੱਢਣ ਲਈ ਜਵਾਨੀ ਵਾਰ ਕੇ ਸਾਡੇ ’ਤੇ ਜੋ ਕਰਜ਼ਾ ਚਾੜ੍ਹਿਆ ਉਸ ਦਾ ਸਿਲਾ ਤਾਰਨਾ ਅੱਜ ਸਾਡਾ ਫਰਜ਼ ਹੈ। ਕਿਸਾਨ ਹਿਤੈਸ਼ੀ ਕਮਲਜੀਤ ਸਿੰਘ ਗਿੱਲ ਨੇ ਕਿਹਾ ਕਿ ਕਰੋਨਾ ਤੋਂ ਡਰ ਅਤੇ ਦਹਿਸ਼ਤ ਤਿਆਗ ਕੇ ਇਸ ਕਿਸਾਨ ਅੰਦੋਲਨ ਨੂੰ ਨਿਰੰਤਰ ਜਾਰੀ ਰੱਖਣਾ ਹੈ। ਇਸ ਸਮੇਂ ਦਿੱਲੀ ਮੋਰਚੇ ਤੋਂ ਪਰਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਆਗੂ ਤਰਸੇਮ ਸਿੰਘ ਬੱਸੂਵਾਲ ਨੇ ਕਿਹਾ ਕਿ ਦਿੱਲੀ ਬਾਰਡਰ ’ਤੇ ਪਾਏ ਘਰ ਹੁਣ ਸਾਡੇ ਬਾਹਰਲੇ ਘਰ ਬਣ ਚੁੱਕੇ ਹਨ। ਦਿੱਲੀ ਸਘੰਰਸ਼ ਇਕ ਵੇਰ ਫਿਰ ਚੜ੍ਹਦੀ ਕਲਾ ’ਚ ਹੈ। ਇਸ ਮੌਕੇ ਜਗਦੀਸ਼ ਸਿੰਘ ਨੇ ‘ਲਾਲ ਪਰਚਮ’ ’ਚ ਛਪੀ ਗੁਰਦਾਸਪੁਰੀਏ ਦੀ ਕਵਿਤਾ ਸੁਣਾ ਕੇ ਸੰਘਰਸ਼ ਦੀ ਹਕੀਕਤ ਨੂੰ ਬਿਆਨ ਕੀਤਾ। ਮੋਰਚੇ ’ਚ ਸ਼ਾਮਲ ਸੁਰਜੀਤ ਫੂਲ ਵਲੋਂ ਕੁਝ ਕਿਸਾਨ ਜਥੇਬੰਦੀਆਂ ਖ਼ਿਲਾਫ਼ ਕੀਤੀਆਂ ਟਿੱਪਣੀਆਂ ਦੀ ਨਿਖੇਧੀ ਕਰਦਿਆਂ ਅਜਿਹੇ ਲੋਕਾਂ ਨੂੰ ਤੁਰੰਤ ਮੋਰਚੇ ’ਚੋਂ ਬਾਹਰ ਕੱਢਣ ਦੀ ਮੰਗ ਕੀਤੀ ਗਈ।