ਸੰਤੋਖ ਗਿੱਲ
ਗੁਰੂਸਰ ਸੁਧਾਰ, 2 ਸਤੰਬਰ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਅਤੇ ਭਾਰਤੀ ਕਿਸਾਨ-ਮਜ਼ਦੂਰ ਰੋਡ ਸੰਘਰਸ਼ ਯੂਨੀਅਨ ਦੀ ਅਗਵਾਈ ਹੇਠ ਭਾਰਤ-ਮਾਲਾ ਪ੍ਰਾਜੈਕਟ ਤਹਿਤ ਜਬਰੀ ਜ਼ਮੀਨਾਂ ਖੋਹਣ ਖ਼ਿਲਾਫ਼ ਬਲਾਕ ਪੱਖੋਵਾਲ ਦੇ ਪਿੰਡ ਕੋਟ ਆਗਾ ਵਿਚ ਚੱਲ ਰਿਹਾ ਪੱਕਾ ਮੋਰਚਾ 69ਵੇਂ ਦਿਨ ਵੀ ਜਾਰੀ ਰਿਹਾ। ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ ਅਤੇ ਔਰਤਾਂ ਨੇ ਸੈਂਕੜਿਆਂ ਦੀ ਗਿਣਤੀ ਵਿੱਚ ਮੋਰਚੇ ਵਿਚ ਸ਼ਮੂਲੀਅਤ ਕੀਤੀ। ਕਿਸਾਨ ਆਗੂ ਬਲਵੰਤ ਸਿੰਘ ਘੁਡਾਣੀ ਕਲਾਂ, ਲਖਵਿੰਦਰ ਸਿੰਘ ਉਕਸੀ, ਕੁਲਦੀਪ ਸਿੰਘ ਗੁੱਜਰਵਾਲ, ਸੂਬਾ ਪ੍ਰਧਾਨ ਬਿੱਕਰਜੀਤ ਸਿੰਘ ਕਾਲਖ ਅਤੇ ਪਰਮਜੀਤ ਸਿੰਘ ਕੋਟ ਆਗਾ ਨੇ ਅੰਦੋਲਨਕਾਰੀਆਂ ਨੂੰ ਸੰਬੋਧਨ ਕਰਦਿਆਂ ਸ਼ਾਂਤਮਈ ਸੰਘਰਸ਼ ’ਤੇ ਤਸੱਲੀ ਪ੍ਰਗਟਾਈ ਅਤੇ ਕਿਸਾਨ ਦੋਖੀ ਤਾਕਤਾਂ ਨਾਲ ਮੱਥਾ ਲਾਉਣ ਲਈ ਹੋਰ ਵਿਸ਼ਾਲ ਲਾਮਬੰਦੀ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ।
ਇਸ ਮੌਕੇ ਮਲੌਦ ਬਲਾਕ ਦੇ ਪਿੰਡਾਂ ਵਿਚੋਂ ਵੱਡੀ ਗਿਣਤੀ ਵਿੱਚ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ ਅਤੇ ਔਰਤਾਂ ਨੇ ਸ਼ਮੂਲੀਅਤ ਕੀਤੀ। ਕਿਸਾਨ ਆਗੂ ਚਰਨਜੀਤ ਸਿੰਘ ਫੱਲੇਵਾਲ, ਸੁਦਾਗਰ ਸਿੰਘ ਜੁੜਾਹਾਂ, ਹਰਪ੍ਰੀਤ ਕੌਰ ਗੁੱਜਰਵਾਲ ਅਤੇ ਸੁਰਿੰਦਰ ਕੌਰ ਚੀਮਾ ਨੇ ਸੰਬੋਧਨ ਕਰਦਿਆਂ ਪਿੰਡਾਂ ਵਿਚ ਲਾਮਬੰਦੀ ਹੋਰ ਤੇਜ਼ ਕਰਨ ਦਾ ਸੱਦਾ ਦਿੱਤਾ। ਲੰਗਰ ਦੀ ਸੇਵਾ ਪਿੰਡ ਝੂੰਗੀਆਂ ਵੱਲੋਂ ਕੀਤੀ ਗਈ।