ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 23 ਸਤੰਬਰ
ਭਾਰੀ ਬਾਰਿਸ਼ ਅਤੇ ਇਲਾਕੇ ਦੀਆਂ ਸੜਕਾਂ ’ਤੇ ਪਾਣੀ ਭਰ ਜਾਣ ਦੇ ਬਾਵਜੂਦ ਰੇਲਵੇ ਸਟੇਸ਼ਨ ਜਗਰਾਉਂ ਅਤੇ ਚੌਕੀਮਾਨ ਟੌਲ ਪਲਾਜ਼ੇ ’ਤੇ ਕਿਸਾਨ ਮੋਰਚਿਆਂ ’ਚ ਡਟੇ ਰਹੇ। ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ’ਚ ਕਿਸਾਨਾਂ ਮਜ਼ਦੂਰਾਂ ਨੇ ਮੋਦੀ ਹਕੂਮਤ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਥੇ ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਦੇ ਕਨਵੀਨਰ ਮਦਨ ਸਿੰਘ ਦੀ ਪ੍ਰਧਾਨਗੀ ਹੇਠ ਅੱਜ ਦਾ ਧਰਨਾ ਦੇਸ਼ ਭਰ ’ਚ ਮਜ਼ਦੂਰ ਹੱਕਾਂ ਦੀ ਰਾਖੀ ਲਈ ਭਾਜਪਾ ਹਕੂਮਤ ਖ਼ਿਲਾਫ਼ ਮਨਾਏ ਜਾ ਰਹੇ ਕਾਲੇ ਦਿਵਸ ਨੂੰ ਸਮਰਪਿਤ ਕੀਤਾ ਗਿਆ। ਲੋਕ ਆਗੂ ਕੰਵਲਜੀਤ ਖੰਨਾ ਨੇ ਖੇਤੀ ਕਾਨੂੰਨਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਕਿਸਾਨ ਆਗੂ ਦਲਜੀਤ ਸਿੰਘ ਰਸੂਲਪੁਰ, ਜਗਦੀਪ ਸਿੰਘ ਕੋਠੇ ਖੰਜੂਰਾਂ ਨੇ ਕਿਹਾ ਕਿ ਮਜ਼ਦੂਰ ਵਰਗ ਦੇ ਥੋਪੇ ਠੇਕੇਦਾਰੀ ਪ੍ਰਬੰਧ ਰਾਹੀਂ ਨਵੀਆਂ ਆਰਥਿਕ ਤੇ ਸਨਅਤੀ ਨੀਤੀਆਂ ਤਹਿਤ ਕੀਤੇ ਜਾ ਰਹੇ ਸੋਸ਼ਣ ਨੇ ਵੱਡੇ ਪੂੰਜੀਪਤੀਆਂ ਦੀ ਲੁੱਟ ’ਚ ਬੇਅਥਾਹ ਵਾਧਾ ਕੀਤਾ ਹੈ। ਇਸੇ ਤਰ੍ਹਾਂ ਲੁਧਿਆਣਾ-ਫ਼ਿਰੋਜ਼ਪੁਰ ਮੁੱਖ ਮਾਰਗ ਸਥਿਤ ਚੌਕੀਮਾਨ ਟੌਲ ’ਤੇ ਵੀ ਕਿਸਾਨ ਮੀਂਹ ਦੇ ਬਾਵਜੂਦ ਧਰਨੇ ’ਤੇ ਡਟੇ ਰਹੇ। ਉਨ੍ਹਾਂ ਸਮੁੱਚੀਆਂ ਸਿਆਸੀ ਧਿਰਾਂ ਦੇ ਇਕੱਠਾਂ ਤੋਂ ਗੁਰੇਜ਼ ਕਰਨ ਦਾ ਇਲਾਕਾ ਵਾਸੀਆਂ ਨੂੰ ਸੱਦਾ ਦਿੱਤਾ। ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਸਤਨਾਮ ਸਿੰਘ ਮੋਰਕਰੀਮਾ, ਕਾਮਾਗਾਟਾਮਾਰੂ ਯਾਦਗਾਰ ਕਮੇਟੀ ਦੇ ਆਗੂ ਜਸਦੇਵ ਸਿੰਘ ਲਲਤੋਂ ਨੇ ਧਰਨੇ ਨੂੰ ਸੰਬੋਧਨ ਕੀਤਾ।
ਲੋਕਾਂ ਨੂੰ ਜੱਥੇਬੰਦ ਹੋ ਕੇ ਸੰਘਰਸ਼ ਕਰਨ ਦੀ ਅਪੀਲ
ਦੋਰਾਹਾ (ਜੋਗਿੰਦਰ ਸਿੰਘ ਓਬਰਾਏ): ਮੋਦੀ ਹਕੂਮਤ ਵੱਲੋਂ ਪਾਸ ਕੀਤੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪਿਛਲੇ ਲੰਬੇ ਸਮੇਂ ਤੋਂ ਕਿਸਾਨ ਜੱਥੇਬੰਦੀਆਂ ਅਤੇ ਹੋਰ ਲੋਕਾਂ ਵੱਲੋਂ ਸ਼ਾਂਤਮਈ ਸੰਘਰਸ਼ ਲਗਾਤਾਰ ਜਾਰੀ ਹੈ। ਇਸੇ ਤਹਿਤ ਅੱਜ ਇਥੋਂ ਦੇ ਨੇੜਲੇ ਪਿੰਡ ਮੱਲ੍ਹੀਪੁਰ ਵਿੱਚ ਭਾਰਤੀ ਕਿਸਾਨ ਯੂਨੀਅਨ (ਏਕਤਾਂ-ਉਗਰਾਹਾਂ) ਵੱਲੋਂ ਇੱਕਠ ਕਰਕੇ ਲੋਕਾਂ ਨੂੰ ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਤੋਂ ਜਾਣੂੰ ਕਰਵਾਇਆ ਗਿਆ। ਇਸ ਮੌਕੇ ਪਰਮਵੀਰ ਘਲੋਟੀ, ਬਲਵੰਤ ਸਿੰਘ ਅਤੇ ਸੁਦਾਗਰ ਸਿੰਘ ਘੁਡਾਣੀ ਨੇ ਲੋਕਾਂ ਨੂੰ ਜੱਥੇਬੰਦ ਹੋਣ ਦਾ ਹੋਕਾ ਦਿੱਤਾ। ਉਨ੍ਹਾਂ ਪਿੰਡ ਵਾਸੀਆਂ ਨੂੰ ਕਿਸਾਨੀ ਸੰਘਰਸ਼ ਵਿੱਚ ਹੋਰ ਯੋਗਦਾਨ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਪਿੰਡ ਵਾਸੀਆਂ ਨੂੰ 27 ਸਤੰਬਰ ਭਾਰਤ ਬੰਦ ਸੱਦੇ ਨੂੰ ਪੂਰਨ ਸਫ਼ਲ ਬਣਾਉਣ ਵਿਚ ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ। ਪਿੰਡ ਵਾਸੀਆਂ ਨੇ ਦਿੱਲੀ ਸੰਘਰਸ਼ ਮੋਰਚਿਆਂ ਵਿਚ ਯੋਗਦਾਨ ਪਾਉਣ ਦਾ ਭਰੋਸਾ ਦਿਵਾਇਆ। ਇਸ ਮੌਕੇ ਮੁਕੰਦ ਸਿੰਘ, ਕੁਲਦੀਪ ਸਿੰਘ, ਕਰਨੈਲ ਸਿੰਘਤ, ਧਰਮਿੰਦਰ ਸਿੰਘ, ਭੋਲਾ ਸਿੰਘ ਹਾਜ਼ਰ ਸਨ।