ਸਤਵਿੰਦਰ ਬਸਰਾ
ਲੁਧਿਆਣਾ, 12 ਜੂਨ
ਪੀਏਯੂ ਅਧਿਆਪਕਾਂ ਦੇ ਮਸਲਿਆਂ ਨੂੰ ਹੱਲ ਕਰਵਾਉਣ ਵਿੱਚ ਅਹਿਮ ਕੜੀ ਦਾ ਕੰਮ ਕਰਦੀ ਪੀਏਯੂ ਅਧਿਆਪਕ ਯੂਨੀਅਨ ਦੀਆਂ ਚੋਣਾਂ ਦੇ ਆਏ ਨਤੀਜੇ ਵਿੱਚ ਕਿੰਗਰਾ ਗਰੁੱਪ ਵੱਲੋਂ ਐੱਚ ਐੱਸ ਕਿੰਗਰਾ ਪ੍ਰਧਾਨ ਜਦਕਿ ਸ਼ਰਮਾ ਗਰੁੱਪ ਵੱਲੋਂ ਮਨਦੀਪ ਸਿੰਘ ਗਿੱਲ ਜਨਰਲ ਸਕੱਤਰ ਚੁਣੇ ਗਏ ਹਨ। ਚੋਣਾਂ ਵਿੱਚ 819 ਵਿੱਚੋਂ 739 ਵੋਟਰਾਂ ਨੇ ਆਪੋ-ਆਪਣੀ ਵੋਟ ਦੀ ਵਰਤੋਂ ਕੀਤੀ। ਪੀਏਯੂ ਅਧਿਆਪਕ ਯੂਨੀਅਨ ਦੀਆਂ ਚੋਣਾਂ ਦੇ ਨਤੀਜੇ ਵੀ ਸ਼ੁੱਕਰਵਾਰ ਦੇਰ ਸ਼ਾਮ ਐਲਾਨੇ ਗਏ। ਇਨ੍ਹਾਂ ਚੋਣਾਂ ਵਿੱਚ ਕਿੰਗਰਾ ਅਤੇ ਸ਼ਰਮਾ ਗਰੁੱਪ ਦੇ ਉਮੀਦਵਾਰ ਆਹਮੋ ਸਹਮਣੇ ਸਨ। ਸ਼ਰਮਾ ਗਰੁੱਪ ਵੱਲੋਂ ਸਾਰੇ 15 ਨਵੇਂ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰੇ ਗਏ। ਇਨ੍ਹਾਂ ਚੋਣਾਂ ਵਿੱਚ ਸ਼ਰਮਾ ਗਰੁੱਪ ਵੱਲੋਂ ਪ੍ਰਧਾਨਗੀ ਦੀ ਚੋਣ ਅਨਿਲ ਸ਼ਰਮਾ ਹਾਰ ਗਏ ਪਰ ਉਨ੍ਹਾਂ ਦੇ ਗਰੁੱਪ ਦੇ 15 ਵਿੱਚ 9 ਉਮੀਦਵਾਰ ਜੇਤੂ ਰਹੇ। ਕਿੰਗਰਾ ਗਰੁੱਪ ਵੱਲੋਂ ਪ੍ਰਧਾਨਗੀ ਦੀ ਚੋਣ ਲੜੇ ਐੱਚ ਐੱਸ ਕਿੰਗਰਾ 380 ਜਦਕਿ ਅਨਿਲ ਸ਼ਰਮਾ ਨੂੰ 357 ਵੋਟਾਂ ਪਈਆਂ। ਇਸ ਤਰ੍ਹਾਂ ਡਾ. ਕਿੰਗਰਾ 23 ਵੋਟਾਂ ਦੇ ਫ਼ਰਕ ਨਾਲ ਜੇਤੂ ਐਲਾਨੇ ਗਏ। ਇਸੇ ਤਰ੍ਹਾਂ ਵਾਈਸ ਪ੍ਰਧਾਨ ਦੇ ਅਹੁਦੇ ਲਈ ਕਿੰਗਰਾ ਗਰੁੱਪ ਵੱਲੋਂ ਡਾ. ਕੇ ਐੱਸ ਸਾਂਘਾ 28 ਵੋਟਾਂ ਨਾਲ ਜੇਤੂ ਰਹੇ। ਯੂਨੀਅਨ ਵਿੱਚ ਜਨਰਲ ਸਕੱਤਰ ਦੇ ਅਹਿਮ ਅਹੁਦੇ ’ਤੇ ਸ਼ਰਮਾ ਗਰੁੱਪ ਦਾ ਕਬਜ਼ਾ ਹੋਇਆ। ਇਸ ਗਰੁੱਪ ਵੱਲੋਂ ਡਾ. ਮਨਦੀਪ ਸਿੰਘ ਗਿੱਲ 42 ਵੋਟਾਂ ਦੇ ਫਰਕ ਨਾਲ ਜੇਤੂ ਐਲਾਨੇ ਗਏ। ਇਸੇ ਤਰ੍ਹਾਂ ਸ਼ਰਮਾ ਗਰੁੱਪ ਵੱਲੋਂ ਡਾ. ਗੁਰਉਪਕਾਰ ਸਿੰਘ ਸਿੱਧੂ ਸੰਯੁਕਤ ਸਕੱਤਰ, ਡਾ. ਚੇਤਨ ਸਿੰਗਲਾ ਬਤੌਰ ਖਜ਼ਾਨਚੀ ਚੁਣੇ ਗਏ। ਇਨ੍ਹਾਂ ਤੋਂ ਇਲਾਵਾ ਸ਼ਰਮਾ ਗਰੁੱਪ ਵੱਲੋਂ ਡਾ. ਧਰਮਿੰਦਰ ਭਾਟੀਆ, ਡਾ. ਰਣਜੀਤ ਸਿੰਘ, ਡਾ. ਰਜਨੀ ਚੌਹਾਨ, ਡਾ. ਗਗਨਪ੍ਰੀਤ ਕੌਰ ਅਤੇ ਡਾ. ਮੋਨਿਕਾ ਚੌਧਰੀ ਬਤੌਰ ਕੌਂਸਲਰ ਚੁਣੇ ਗਏ ਜਦਕਿ ਕਿੰਗਰਾ ਗਰੁੱਪ ਵੱਲੋਂ ਡਾ. ਸਰਬਜੀਤ ਸਿੰਘ ਸੂਚ ਇਕਲੌਤੇ ਕੌਂਸਲਰ ਚੁਣੇ ਗਏ। ਨਵੇਂ ਚੁਣੇ ਪ੍ਰਧਾਨ ਡਾ. ਕਿੰਗਰਾ ਨੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਵਾਉਣਾ ਅਤੇ ਯੂਜੀਸੀ ਪੇਅ ਸਕੇਲ ਲਾਗੂ ਕਰਵਾਉਣਾ ਮੁੱਖ ਮੁੱਦੇ ਦੱਸਿਆ। ਡਾ. ਗਗਨਪ੍ਰੀਤ ਕੌਰ ਨੇ ਕਿਹਾ ਕਿ ਪ੍ਰਮੋਸ਼ਨਾਂ ਕਰਵਾਉਣ ਅਤੇ ਚੋਣਾਂ ਸਮੇਂ ਪਰਿਵਾਰ ਵਿੱਚੋਂ ਦੋਵੇਂ ਜੀਆਂ ਦੀਆਂ ਡਿਊਟੀਆਂ ਨਾ ਲਾਉਣ ਲਈ ਵੀ ਉੱਚ ਅਧਿਕਾਰੀਆਂ ਨੂੰ ਮਿਲਿਆ ਜਾਵੇਗਾ।