ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 11 ਫਰਵਰੀ
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਭਲਕੇ ਜਗਰਾਉਂ ਤੋਂ ਭਾਜਪਾ ਉਮੀਦਵਾਰ ਕੰਵਰ ਨਰਿੰਦਰ ਸਿੰਘ ਦੇ ਹੱਕ ’ਚ ਚੋਣ ਰੈਲੀ ਨੂੰ ਸੰਬੋਧਨ ਕਰਨ ਆ ਰਹੇ ਹਨ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਨੇ ਉਨ੍ਹਾਂ ਨੂੰ ਕਾਲੀਆਂ ਝੰਡੀਆਂ ਦਿਖਾਉਣ ਦਾ ਪ੍ਰੋਗਰਾਮ ਉਲੀਕਿਆ ਹੈ। ਕਿਸਾਨ ਆਗੂ ਮਹਿੰਦਰ ਸਿੰਘ ਕਮਾਲਪੁਰਾ, ਜਗਤਾਰ ਸਿੰਘ ਦੇਹੜਕਾ, ਗੁਰਪ੍ਰੀਤ ਸਿੱਧਵਾਂ, ਇੰਦਰਜੀਤ ਧਾਲੀਵਾਲ ਤੇ ਕੰਵਲਜੀਤ ਖੰਨਾ ਨੇ ਦੱਸਿਆ ਕਿ ਸੀਐੱਮ ਖੱਟਰ ਦੀ ਪਿਛਲੇ ਸਮੇਂ ਦੀ ਕਿਸਾਨਾਂ ਪ੍ਰਤੀ ਮਾੜੀ ਬੋਲ-ਬਾਣੀ, ਹਰਿਆਣਾ ’ਚ ਕਿਸਾਨ ਸੰਘਰਸ਼ ਦੌਰਾਨ ਨਿਭਾਈ ਭੂਮਿਕਾ, ਹਰਿਆਣਾ ’ਚ ਕਿਸਾਨਾਂ ਖ਼ਿਲਾਫ਼ ਦਰਜ ਕੀਤੇ 48000 ਕੇਸ, ਡੇਰਾ ਸਿਰਸਾ ਮੁਖੀ ਨੂੰ ਵੋਟਾਂ ਖਾਤਿਰ ਫਰਲੋ ’ਤੇ ਜੇਲ੍ਹ ਤੋਂ ਬਾਹਰ ਲਿਆਉਣ ਕਰਕੇ ਪੰਜਾਬ ਦੇ ਕਿਸਾਨਾਂ ’ਚ ਭਾਰੀ ਰੋਸ ਹੈ। ਲਖੀਮਪੁਰ ਖੀਰੀ ਕੇਸ ਦੇ ਮੁੱਖ ਮੁਲਜ਼ਮ ਆਸ਼ੀਸ਼ ਮਿਸ਼ਰਾ ਨੂੰ ਚੋਣਾਂ ਦੌਰਾਨ ਜ਼ਮਾਨਤ ’ਤੇ ਰਿਹਾਅ ਕਰਕੇ ਭਾਜਪਾ ਖ਼ਿਲਾਫ਼ ਵੀ ਗੁੱਸਾ ਹੈ।