ਜੋਗਿੰਦਰ ਸਿੰਘ ਓਬਰਾਏ
ਖੰਨਾ, 13 ਜੁਲਾਈ
ਮੌਨਸੂਨ ਦੀ ਪਹਿਲੀ ਬਾਰਸ਼ ਨੇ ਘੰਟੇ ਵਿਚ ਹੀ ਸ਼ਹਿਰ ਨੂੰ ਜਲ-ਥਲ ਕਰ ਦਿੱਤਾ। ਸ਼ਹਿਰ ਦੀਆਂ ਗਲੀਆਂ, ਸੜਕਾਂ ਤੇ ਮੁਹੱਲਿਆਂ ਵਿਚ ਗੋਡੇ-ਗੋਡੇ ਪਾਣੀ ਖੜ੍ਹ ਗਿਆ ਅਤੇ ਅੱਧੇ ਤੋਂ ਜ਼ਿਆਦਾ ਸ਼ਹਿਰ ਵਾਸੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਬਾਰਸ਼ ਕਾਰਨ ਸਭ ਤੋਂ ਜ਼ਿਆਦਾ ਹਾਲਾਤ ਖ਼ਰਾਬ ਰੇਲਵੇ ਲਾਈਨੋਂ ਪਾਰ ਲਲਹੇੜੀ ਰੋਡ ਇਲਾਕੇ ਦੇ ਲੋਕਾਂ ਲਈ ਹੋਏ, ਜਿੱਥੇ ਪਿਛਲੇ ਲੰਬੇ ਸਮੇਂ ਤੋਂ ਸੀਵਰੇਜ ਪਾਈਪਾਂ ਪਾਉਣ ਦਾ ਕੰਮ ਅੱਧ ਵਿਚਕਾਰ ਲਟਕ ਰਿਹਾ ਹੈ। ਇਸ ਇਲਾਕੇ ਦੀ ਸਥਿਤੀ ਦਲਦਲ ਵਰਗੀ ਬਣੀ ਹੋਈ ਹੈ ਅਤੇ ਲੋਕਾਂ ਨੂੰ ਆਪਣੇ ਘਰਾਂ ਤੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ ਹੈ। ਸ਼ਹਿਰ ਦਾ ਨਗਰ ਕੌਂਸਲ ਪਾਰਕ ਅਤੇ ਅਨਾਜ ਮੰਡੀ ਵਿਚ ਵੀ ਬੁਰੀ ਤਰ੍ਹਾਂ ਪਾਣੀ ਭਰ ਗਿਆ। ਲੋਕਾਂ ਨੂੰ ਡਰ ਹੈ ਕਿ ਜੇਕਰ ਮੌਨਸੂਨ ਦੀ ਪਹਿਲੀ ਬਾਰਿਸ਼ ਨਾਲ ਹੀ ਸ਼ਹਿਰ ਦੇ ਇਹ ਹਾਲਾਤ ਹਨ ਤਾਂ ਅੱਗੇ ਕੀਤੇ ਬਣੇਗਾ।