ਜੋਗਿੰਦਰ ਸਿੰਘ ਓਬਰਾਏ
ਖੰਨਾ, 8 ਦਸੰਬਰ
ਪੱਲੇਦਾਰ ਮਜ਼ਦੂਰ ਯੂਨੀਅਨਾਂ ਵੱਲੋਂ ਸਰਕਾਰ ਨਾਲ ਲੜਾਈ ਅਰੰਭ ਕਰਦੇ ਹੋਏ ਸੰਦੀਪ ਸਿੰਘ ਰੁਪਾਲੋਂ ਦੀ ਅਗਵਾਈ ਹੇਠ ਫੂਡ ਏਜੰਸੀਆਂ ਦੇ ਦਫ਼ਤਰਾਂ ਅੱਗੇ ਅਣਮਿੱਥੇ ਸਮੇਂ ਲਈ ਹੜਤਾਲ ਅਰੰਭ ਕੀਤੀ ਗਈ ਹੈ। ਇਸ ਮੌਕੇ ਰੁਪਾਲੋਂ ਨੇ ਕਿਹਾ ਕਿ ਜਿੰਨਾ ਚਿਰ ਫੂਡ ਏਜੰਸੀਆਂ ’ਚ ਕੰਮ ਕਰਦੇ ਪੱਲੇਦਾਰ ਮਜ਼ਦੂਰਾਂ ਦੀਆਂ ਹੱਕੀਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਸੰਘਰਸ਼ ਲਗਾਤਾਰ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਚੋਣਾਂ ਸਮੇਂ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਆਉਣ ਤੇ ਫੂਡ ਏਜੰਸੀਆਂ ਵਿਚੋਂ ਠੇਕੇਦਾਰੀ ਸਿਸਟਮ ਖ਼ਤਮ ਕਰਕੇ ਪੱਲੇਦਾਰਾਂ ਨੂੰ ਸਿੱਧੀ ਅਦਾਇਗੀ ਕੀਤੀ ਜਾਵੇਗੀ ਪ੍ਰਤੂੰ 5 ਸਾਲ ਲੰਘ ਜਾਣ ’ਤੇ ਵੀ ਮਜ਼ਦੂਰਾਂ ਦੇ ਮਸਲੇ ਹੱਲ ਨਹੀਂ ਕੀਤੇ। ਸਰਕਾਰ ਵੱਲੋਂ ਆਪਣੇ ਚਹੇਤੇ ਠੇਕੇਦਾਰਾਂ ਨੂੰ ਉੱਚੇ ਰੇਟਾਂ ’ਤੇ ਟੈਂਡਰ ਦਿੱਤੇ ਜਾਂਦੇ ਹਨ ਪਰ ਮਜ਼ਦੂਰਾਂ ਨੂੰ ਉਹੀ 20 ਸਾਲ ਪੁਰਾਣੇ ਰੇਟਾਂ ’ਤੇ ਮਜ਼ਦੂਰੀ ਦਿੱਤੀ ਜਾਂਦੀ ਹੈ ਜੇ ਠੇਕੇਦਾਰਾਂ ਨੂੰ ਉੱਚੇ ਭਾਅ ਤੇ ਟੈਂਡਰ ਦਿੱਤੇ ਜਾ ਸਕਦੇ ਹਨ ਤਾਂ ਮਜ਼ਦੂਰਾਂ ਨੂੰ ਸਿੱਧੀ ਅਦਾਇਗੀ ਕਿਉਂ ਨਹੀਂ ਕੀਤੀ ਜਾ ਸਕਦੀ। ਇਸ ਮੌਕੇ ਅਮਰ ਸਿੰਘ ਭੱਟੀਆ, ਅਵਤਾਰ ਸਿੰਘ ਭੱਟੀ, ਹਰਨੇਕ ਸਿੰਘ, ਕਮਲੂ ਪਾਸਵਾਨ, ਅਸ਼ੋਕ ਪਾਸਵਾਨ, ਜਤਿੰਦਰ ਪਾਸਵਾਨ, ਨਵਲ ਪਧਾਰ, ਨਛੱਤਰ ਚੌਧਰੀ, ਜਸਜੀਵਨ ਚੌਧਰੀ ਹਾਜ਼ਰ ਸਨ।