ਡੀਪੀਐੱਸ ਬਤਰਾ
ਸਮਰਾਲਾ, 4 ਦਸੰਬਰ
ਇਥੇ ਇੱਕ ਕਾਨਵੈਂਟ ਸਕੂਲ ਵੱਲੋਂ ਫੀਸਾਂ ਸਬੰਧੀ ਕੀਤੀ ਜਾ ਰਹੀ ਧੱਕੇਸ਼ਾਹੀ ਖ਼ਿਲਾਫ਼ ਇਲਾਕੇ ਦੇ ਸੈਂਕੜੇ ਮਾਪਿਆਂ ਨੇ ਸਵੇਰ ਤੋਂ ਹੀ ਸਕੂਲ ਅੱਗੇ ਧਰਨਾ ਦਿੰਦੇ ਹੋਏ ਖੰਨਾ-ਨਵਾਂਸ਼ਹਿਰ ਹਾਈਵੇਅ ਪੂਰੀ ਤਰ੍ਹਾਂ ਜਾਮ ਕਰ ਦਿੱਤਾ ਹੈ। ਧਰਨੇ ਕਾਰਨ ਸੜਕ ਦੇ ਦੋਵੇਂ ਪਾਸੇ ਸੈਂਕੜੇ ਵਾਹਨ ਜਾਮ ਵਿੱਚ ਫਸ ਗਏ। ਮਾਪਿਆਂ ਵੱਲੋਂ ਸਕੂਲ ਪ੍ਰਬੰਧਕਾਂ ਖ਼ਿਲਾਫ਼ ਫੀਸਾਂ ਦੇ ਨਾਂ ’ਤੇ ਕਥਿਤ ਤੌਰ ’ਤੇ ਲੁੱਟ ਕੀਤੇ ਜਾਣ ਦੇ ਇਲਜ਼ਾਮ ਲਗਾਏ ਜਾ ਰਹੇ ਹਨ। ਮਾਪਿਆਂ ਨੇ ਦੋਸ਼ ਲਗਾਇਆ ਕਿ ਪਿਛਲੇ ਸਾਲ ਲੌਕਡਾਊਨ ਸਮੇਂ ਟਿਊਸ਼ਨ ਫੀਸਾਂ ਤੋਂ ਇਲਾਵਾ ਸਕੂਲ ਵੱਲੋਂ ਵਾਧੂ ਹੋਰ ਚਾਰਜ ਵਸੂਲਣ ਲਈ ਮਾਪਿਆਂ ਨੂੰ ਸਕੂਲ ਵਿੱਚ ਬੁਲਾਇਆ ਗਿਆ ਅਤੇ ਇਹ ਚਾਰਜ ਨਾ ਭਰੇ ਜਾਣ ’ਤੇ ਬੱਚਿਆਂ ਦੇ ਰਿਪੋਰਟ ਕਾਰਡ ਨਾ ਦੇਣ ਦਾ ਫੁਰਮਾਨ ਸੁਣਾ ਦਿੱਤਾ ਗਿਆ। ਸਕੂਲ ਦੀ ਇਸ ਧੱਕੇਸ਼ਾਹੀ ਅਤੇ ਕਥਿਤ ਲੁੱਟ ਖਿਲਾਫ਼ ਉੱਥੇ ਵੱਡੀ ਗਿਣਤੀ ’ਚ ਇੱਕਠੇ ਹੋਏ ਮਾਪਿਆਂ ਨੇ ਵਿਰੋਧ ਕੀਤਾ ਪਰ ਸਕੂਲ ਪ੍ਰਬੰਧਕ ਇਹ ਵਾਧੂ ਚਾਰਜ ਦੀ ਵਸੂਲੀ ’ਤੇ ਅੜੇ ਰਹੇ। ਉਨ੍ਹਾਂ ਮਾਪਿਆਂ ਨੂੰ ਆਖਿਆ ਕਿ, ਜਦੋਂ ਤੱਕ ਇਹ ਰਕਮ ਅਦਾ ਨਹੀਂ ਕੀਤੀ ਜਾਂਦੀ, ਉਦੋਂ ਤੱਕ ਬੱਚਿਆਂ ਦੇ ਰਿਪੋਰਟ ਕਾਰਡ ਨਹੀਂ ਦਿੱਤੇ ਜਾਣਗੇ। ਮਾਪਿਆਂ ਨੇ ਦੱਸਿਆ ਕਿ ਉਹ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਸਕੂਲ ਦੀ ਬਣਦੀ ਟਿਊਸ਼ਨ ਫੀਸ ਅਦਾ ਕਰ ਚੁੱਕੇ ਹਨ ਪਰ ਹੁਣ ਸਕੂਲ ਪ੍ਰਬੰਧਕ ਲੌਕਡਾਊਨ ਵੇਲੇ ਦੇ ਵਾਧੂ ਹੋਰ ਚਾਰਜ ਦੀ ਮੰਗ ਕਰ ਰਹੇ ਹਨ। ਮਾਮਲਾ ਹੁਣ ਵੀ ਫੀਸ ਰੈਗੂਲੇਟਰੀ ਕਮੇਟੀ ਦੇ ਇੰਚਾਰਜ-ਕਮ- ਡਿਪਟੀ ਕਮਿਸ਼ਨਰ ਕੋਲ ਪੈਂਡਿੰਗ ਹੈ। ਉਧਰ ਖੰਨਾ-ਨਵਾਂਸ਼ਹਿਰ ਹਾਈਵੇਅ ਜਾਮ ਹੋਣ ’ਤੇ ਪੁਲੀਸ ਦੇ ਉੱਚ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਮਾਪਿਆਂ ਨੂੰ ਧਰਨਾ ਖਤਮ ਕਰਨ ਲਈ ਸਮਝਾਇਆ ਪਰ ਉਹ ਸਕੂਲ ਖਿਲਾਫ਼ ਕਾਰਵਾਈ ਹੋਣ ਤੱਕ ਧਰਨਾ ਜਾਰੀ ਰੱਖੇ ਜਾਣ ’ਤੇ ਅੜੇ ਰਹੇ। ਅਖੀਰ ਡੀ.ਐੱਸ.ਪੀ. ਸਮਰਾਲਾ ਹਰਵਿੰਦਰ ਸਿੰਘ ਨੇ ਧਰਨੇ ’ਤੇ ਬੈਠੇ ਮਾਪਿਆਂ ਵੱਲੋਂ ਸਕੂਲ ਖਿਲਾਫ਼ ਲਿਖਤੀ ਸ਼ਿਕਾਇਤ ਲੈਂਦੇ ਹੋਏ ਕਾਰਵਾਈ ਦਾ ਭਰੋਸਾ ਦਿੱਤਾ, ਜਿਸ ਮਗਰੋਂ ਧਰਨਾ ਸਮਾਪਤ ਕੀਤਾ ਗਿਆ।
ਨਿਯਮਾਂ ਅਨੁਸਾਰ ਲਈ ਜਾ ਰਹੀ ਹੈ ਫੀਸ: ਪ੍ਰਿੰਸੀਪਲ
ਦੂਜੇ ਪਾਸੇ ਇਸ ਮਾਮਲੇ ਸਬੰਧੀ ਸਕੂਲ ਪ੍ਰਿੰਸੀਪਲ ਨੇ ਸਫ਼ਾਈ ਦਿੰਦੇ ਹੋਏ ਆਖਿਆ ਕਿ ਉਨ੍ਹਾਂ ਵੱਲੋਂ ਕੁਝ ਵੀ ਗਲਤ ਨਹੀਂ ਕੀਤਾ ਜਾ ਰਿਹਾ ਅਤੇ ਸਭ ਕੁਝ ਨਿਯਮਾਂ ਮੁਤਾਬਕ ਹੀ ਹੋ ਰਿਹਾ ਹੈ।