ਜੋਗਿੰਦਰ ਸਿੰਘ ਓਬਰਾਏ
ਖੰਨਾ, 7 ਦਸੰਬਰ
ਚਾਰ ਦਹਾਕਿਆਂ ਤੋਂ ਸ਼੍ਰੋਮਣੀ ਅਕਾਲੀ ਦਲ ਵਿਚ ਸਰਗਰਮੀ ਨਾਲ ਭੂਮਿਕਾ ਨਿਭਾਉਣ ਵਾਲੇ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਪੀਸੀਏ ਦੇ ਮੈਂਬਰ ਇਕਬਾਲ ਸਿੰਘ ਚੰਨੀ ਅੱਜ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋ ਗਏ। ਜ਼ਿਕਰਯੋਗ ਹੈ ਕਿ ਸ੍ਰੀ ਚੰਨੀ ਨਗਰ ਕੌਂਸਲ ਖੰਨਾ ਦੇ ਪ੍ਰਧਾਨ ਵੀ ਰਹੇ ਅਤੇ ਉਨ੍ਹਾਂ ਦਾ ਖੰਨਾ ਇਲਾਕੇ ਵਿਚ ਅਧਾਰ ਹੈ। ਇਸ ਵਾਰ ਉਹ ਹਲਕਾ ਖੰਨਾ ਤੋਂ ਅਕਾਲੀ ਟਿਕਟ ਦੇ ਦਾਅਵੇਦਾਰ ਮੰਨੇ ਜਾਂਦੇ ਸਨ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਸੀ ਕਿ ਇਸ ਵਾਰ ਚੰਨੀ ਹੀ ਹਲਕਾ ਖੰਨਾ ਤੋਂ ਪਾਰਟੀ ਉਮੀਦਵਾਰ ਹੋਣਗੇ ਪ੍ਰਤੂੰ ਕੁਝ ਦਿਨ ਪਹਿਲਾ ਸ੍ਰੀ ਬਾਦਲ ਨੇ ਇਥੋਂ ਦੇ ਹੋਰ ਇਕ ਪ੍ਰਮੁੱਖ ਅਕਾਲੀ ਦਲ ਦੀ ਟਿਕਟ ਦੇ ਦਾਅਵੇਦਾਰ ਯਾਦਵਿੰਦਰ ਸਿੰਘ ਯਾਦੂ ਦੀ ਪਤਨੀ ਜਸਦੀਪ ਕੌਰ ਨੂੰ ਟਿਕਟ ਦੇ ਦਿੱਤਾ, ਜਿਸ ਕਾਰਨ ਸ੍ਰੀ ਚੰਨੀ ਨਰਾਜ਼ ਹੋ ਗਏ। ਇਥੋਂ ਤੱਕ ਕਿ 4 ਦਸੰਬਰ ਨੂੰ ਜਦੋਂ ਅਕਾਲੀ ਦਲ ਦੀ ਇਕ ਰੈਲੀ ਨੂੰ ਸੰਬੋਧਨ ਕਰਨ ਸ੍ਰੀ ਬਾਦਲ ਖੰਨਾ ਆਏ ਤਾਂ ਸ੍ਰੀ ਚੰਨੀ ਆਪਣੇ ਸਾਥੀਆਂ ਸਮੇਤ ਇਸ ਰੈਲੀ ਵਿਚ ਨਹੀਂ ਪੁੱਜੇ ਤੇ ਨਾ ਹੀ ਬਾਦਲ ਨੇ ਚੰਨੀ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਸਗੋੋਂ ਕੱਲ੍ਹ ਸ੍ਰੀ ਬਾਦਲ ਨੇ ਚੰਨੀ ਨੂੰ ਪਾਰਟੀ ਵਿਚੋਂ 6 ਸਾਲ ਲਈ ਕੱਢ ਦਿੱਤਾ। ਇਸ ਉਪਰੰਤ ਚੰਨੀ ਅੱਜ ਪੰਜਾਬ ਭਾਜਪਾ ਦੀ ਲੀਡਰਸ਼ਿਪ ਦੀ ਅਗਵਾਈ ਹੇਠਾਂ ਸਾਥੀਆਂ ਸਮੇਤ ਸ਼ਾਮਲ ਹੋਏ।