ਜੋਗਿੰਦਰ ਸਿੰਘ ਓਬਰਾਏ
ਖੰਨਾ, 4 ਜਨਵਰੀ
ਕਰੋਨਾ ਮਹਾਮਾਰੀ ਦੀ ਤੀਜੀ ਲਹਿਰ ਦੇ ਡਰ ਤੋਂ ਇਥੋਂ ਦੇ ਸਿਵਲ ਹਸਪਤਾਲ ਵਿੱਚ ਕੋਵਿਡ ਟੀਕਾਕਰਨ ਲਈ ਲੋਕਾਂ ਦੀ ਵੱਡੀ ਭੀੜ ਇੱਕਤਰ ਹੋ ਗਈ, ਜਿਸ ਨੂੰ ਕਾਬੂ ਕਰਨ ਲਈ ਪੁਲੀਸ ਨੂੰ ਤਾਇਨਾਤ ਕਰਨਾ ਪਿਆ। ਆਖਿਰ ਹਸਪਤਾਲ ਦੇ ਪ੍ਰਸ਼ਾਸਨ ਵੱਲੋਂ ਟੀਕਾਕਰਨ ਦੋ ਥਾਵਾਂ ’ਤੇ ਕੀਤਾ ਗਿਆ ਅਤੇ ਪੁਰਸ਼ਾਂ ਤੇ ਇਸਤਰੀਆਂ ਲਈ ਵੱਖ ਵੱਖ ਪ੍ਰਬੰਧ ਕੀਤੇ ਗਏ। ਇਕ ਪਾਸੇ ਓਮੀਕਰੋਨ ਦੇ ਖ਼ਤਰੇ ਕਾਰਨ ਟੀਕਾ ਲਗਵਾਉਣ ਵਾਲਿਆਂ ਦੀ ਭੀੜ ਲੱਗ ਗਈ, ਦੂਜੇ ਪਾਸੇ ਹਸਪਤਾਲ ਦੀਆਂ ਸਟਾਫ਼ ਨਰਸਾਂ, ਏਐੱਨਐੱਮ ਤੇ ਟੀਕਾਕਰਨ ਵਾਲਾ ਸਟਾਫ਼ ਹੜਤਾਲ ’ਤੇ ਹੈ। ਇਸ ਦੇ ਨਾਲ ਹੀ ਸ਼ਹਿਰ ਵਿਚ ਕਿਧਰੇ ਵੀ ਟੀਕਾਕਰਨ ਨਹੀਂ ਕੀਤਾ ਜਾ ਰਿਹਾ। ਪ੍ਰਸ਼ਾਸਨ ਵੱਲੋਂ ਲੰਬੀ ਜੱਦੋਂ ਜਹਿਦ ਪਿਛੋਂ ਭੀੜ ’ਤੇ ਕਾਬੂ ਪਾਇਆ ਗਿਆ। ਇਸ ਮੌਕੇ ਲੋਕਾਂ ਦੇ 811 ਕਰੋਨਾ ਵੈਕਸੀਨ ਲਾਈ ਗਈ। ਵੱਡੀ ਗਿਣਤੀ ਲੋਕਾਂ ਨੂੰ ਬਿਨ੍ਹਾਂ ਵੈਕਸੀਨ ਤੋਂ ਹੀ ਮੁੜਨਾ ਪਿਆ। ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸਤਪਾਲ ਨੇ ਕਿਹਾ ਕਿ ਸਰਕਾਰ ਵੱਲੋਂ ਟੀਕਾਕਰਨ ਜ਼ਰੂਰੀ ਕਰ ਦਿੱਤੇ ਗਏ ਹਨ ਅਤੇ ਦੂਜੀ ਡੋਜ਼ ਦਾ ਸਮਾਂ ਆ ਜਾਣ ਕਰਕੇ ਅੱਜ ਰਜਿਸਟ੍ਰੇਸ਼ਨ ਲਈ ਬਹੁਤ ਜ਼ਿਆਦਾ ਲੋਕ ਆ ਗਏ।