ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 16 ਅਕਤੂਬਰ
ਲੁਧਿਆਣਾ ਜ਼ਿਲ੍ਹੇ ਦੇ ਬਲਾਕ ਜਗਰਾਉਂ ਦੇ ਪ੍ਰਾਇਮਰੀ ਸਕੂਲਾਂ ਦੀਆਂ ਖੇਡਾਂ ਦੀ ਮੇਜ਼ਬਾਨੀ ਸਰਕਾਰੀ ਪ੍ਰਾਇਮਰੀ ਸਕੂਲ ਕਾਉਂਕੇ ਵੱਲੋਂ ਕੀਤੀ ਗਈ। ਇਨ੍ਹਾਂ ਖੇਡਾਂ ਵਿੱਚ ਬਲਾਕ ਦੇ ਸੱਤ ਸੈਂਟਰਾਂ ਦੇ ਵਿਦਿਆਰਥੀਆਂ ਵਿਚਕਾਰ ਮੁਕਾਬਲੇ ਹੋਏ। ਜ਼ਿਲ੍ਹਾ ਸਿੱਖਿਆ ਅਫ਼ਸਰ ਜਸਵਿੰਦਰ ਕੌਰ ਦੀ ਅਗਵਾਈ ਹੇਠ ਹੋਈਆਂ ਖੇਡਾਂ ਦੌਰਾਨ ਕਾਉਂਕੇ ਸੈਂਟਰ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਮੁੰਡੇ ਕੁੜੀਆਂ ਦੇ ਕਬੱਡੀ, ਖੋ-ਖੋ ਦੇ ਸਾਰੇ ਮੁਕਾਬਲੇ ਜਿੱਤੇ। ਅਥਲੈਟਿਕਸ ਵਿੱਚ ਗਗੜਾ ਤੇ ਮਲਕ ਸੈਂਟਰ ਦੀ ਝੰਡੀ ਰਹੀ। ਰੌਚਕ ਮੁਕਾਬਲਿਆਂ ਵਿੱਚ ਸਭ ਤੋਂ ਵੱਧ ਮੈਡਲ ਜਿੱਤ ਕੇ ਸੈਂਟਰ ਕਾਉਂਕੇ ਕਲਾਂ ਨੇ ਓਵਰਆਲ ਟਰਾਫ਼ੀ ’ਤੇ ਕਬਜ਼ਾ ਕੀਤਾ। ਖੇਡਾਂ ਦੇ ਆਖਰੀ ਦਿਨ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਜਸਵਿੰਦਰ ਸਿੰਘ ਵਿਰਕ ਨੇ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਕੀਤੀ।