ਸਤਵਿੰਦਰ ਬਸਰਾ
ਲੁਧਿਆਣਾ, 17 ਨਵੰਬਰ
ਗੌਰਮਿੰਟ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਗਿੱਲ ਵਿੱਚ ਬੀਤੇ ਦਿਨ ਸ਼ੁਰੂ ਹੋਈ 8ਵੀਂ ਸਬ-ਜੂਨੀਅਰ ਡਿਸਟ੍ਰਿਕ ਬੇਸਬਾਲ ਚੈਂਪੀਅਨਸ਼ਿਪ ਅੱਜ ਸਮਾਪਤ ਹੋ ਗਈ ਹੈ। ਇਸ ਚੈਂਪੀਅਨਸ਼ਿਪ ਵਿੱਚ ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ ਕਾਸਾਬਾਦ ਦੇ ਲੜਕਿਆਂ ਦੀ ਟੀਮ ਜੇਤੂ ਰਹੀ। ਬੀਤੇ ਦਿਨ ਸੈਮੀਫਾਈਨਲ ਮੁਕਾਬਲਿਆਂ ਤੋਂ ਬਾਅਦ ਅੱਜ ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ ਕਾਸਾਬਾਦ ਅਤੇ ਬੀਸੀਐਮ ਫੋਕਲ ਪੁਆਇੰਟ ਦੀਆਂ ਟੀਮਾਂ ਵਿਚਕਾਰ ਫਾਈਨਲ ਮੁਕਾਬਲਾ ਖੇਡਿਆ ਗਿਆ। ਇਸ ਇਕਤਰਫਾ ਮੈਚ ਵਿੱਚ ਕਾਸਾਬਾਦ ਦੀ ਟੀਮ ਨੇ ਬੀਸੀਐੱਮ ਨੂੰ 10-1 ਅੰਕਾਂ ਦੇ ਵੱਡੇ ਫਰਕ ਨਾਲ ਪਛਾੜਦਿਆਂ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ। ਇਸੇ ਤਰ੍ਹਾਂ ਗੁਰੂ ਨਾਨਕ ਮਾਡਲ ਸਕੂਲ ਢੋਲੇਵਾਲ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ। ਅੱਜ ਲੜਕੀਆਂ ਦੀਆਂ ਅੱਠ ਟੀਮਾਂ ਦੇ ਮੁਕਾਬਲੇ ਵੀ ਕਰਵਾਏ ਗਏ, ਜਿਨ੍ਹਾਂ ਵਿੱਚੋਂ ਲੜਕੀਆਂ ਦੇ ਹੋਏ ਫਾਈਨਲ ਮੁਕਾਬਲੇ ਵਿੱਚ ਗੌਰਮਿੰਟ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਗਿੱਲ ਦੀ ਟੀਮ ਨੇ ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ ਕਾਸਾਬਾਦ ਨੂੰ 25-11 ਅੰਕਾਂ ਨਾਲ ਹਰਾ ਕਿ ਚੈਂਪੀਅਨਸ਼ਿਪ ਆਪਣੇ ਨਾਮ ਕੀਤੀ।