ਸੰਤੋਖ ਗਿੱਲ
ਗੁਰੂਸਰ ਸੁਧਾਰ, 14 ਸਤੰਬਰ
ਸ਼ਰਾਬ ਕਾਰੋਬਾਰੀ ਬਜਾਜ ਐਂਡ ਕੰਪਨੀ ਦੇ ਮੈਨੇਜਰਾਂ ਦੀ ਆਪਸੀ ਖਹਬਿਾਜ਼ੀ ਕਾਰਨ ਇਕ ਧੜੇ ਨੇ ਤੜਕਸਾਰ ਇੱਕ ਵਜੇ ਦੇ ਕਰੀਬ ਪੱਖੋਵਾਲ ਨੇੜੇ ਡਾਂਗੋਂ ਠੇਕੇ ਦੇ ਕਰਿੰਦੇ ਸਾਧੂ ਸਿੰਘ ਵਾਸੀ ਝੋਰੜਾਂ ਨੂੰ ਜਬਰੀ ਚੁੱਕ ਲਿਆਂਦਾ ਤੇ ਸੁਧਾਰ ਦਫ਼ਤਰ ਵਿੱਚ ਉਸ ਦੀ ਕਥਿਤ ਕੁੱਟਮਾਰ ਕੀਤੀ ਗਈ। ਸਾਧੂ ਸਿੰਘ ਨੇ ਦੋਸ਼ ਲਾਇਆ ਕਿ ਉਸ ਨੂੰ ਅਲਫ਼ ਨੰਗਾ ਕਰ ਕੇ ਕੁਕਰਮ ਦੀ ਕੋਸ਼ਿਸ਼ ਵੀ ਕੀਤੀ ਗਈ ਸੀ ਅਤੇ ਵਿਰੋਧ ਕਰਨ ’ਤੇ ਚਾਕੂ ਨਾਲ ਵਾਰ ਕੀਤੇ ਗਏ, ਜਿਸ ਕਾਰਨ ਸੱਜੇ ਹੱਥ ਦੀ ਉਂਗਲ ਵੱਢੀ ਗਈ। ਘਟਨਾ ਦੇ ਵਿਰੋਧ ਵਿੱਚ ਬਜਾਜ ਐਂਡ ਕੰਪਨੀ ਦੇ ਸਰਕਲ ਸੁਧਾਰ ਅਤੇ ਅਕਾਲਗੜ੍ਹ ਦੇ ਸ਼ਰਾਬ ਦੇ ਸਾਰੇ 13 ਠੇਕੇ ਮੁਲਾਜ਼ਮਾਂ ਨੇ ਹੜਤਾਲ ਕਰ ਕੇ ਬੰਦ ਕਰ ਦਿੱਤੇ ਅਤੇ ਦੇਰ ਸ਼ਾਮ ਤੱਕ ਬੰਦ ਹੀ ਰਹੇ। ਪਤਾ ਲੱਗਾ ਕਿ ਸੁਧਾਰ ਪੁਲੀਸ ਵੱਲੋਂ ਠੇਕੇ ਜਬਰੀ ਖੁਲ੍ਹਵਾਉਣ ਦੀ ਕੋਸ਼ਿਸ਼ ਦੌਰਾਨ ਤਕਰਾਰ ਵੀ ਹੋਈ। ਡਾਂਗੋਂ ਦੇ ਜਿਸ ਠੇਕੇ ਤੋਂ ਸਾਧੂ ਸਿੰਘ ਨੂੰ ਅੱਧੀ ਰਾਤ ਵੇਲੇ ਚੁੱਕਿਆ ਸੀ ਉਹ ਥਾਣਾ ਜੋਧਾਂ ਅਧੀਨ ਹੈ। ਸੁਧਾਰ ਦੇ ਜਿਸ ਦਫ਼ਤਰ ਵਿੱਚ ਕੁੱਟਮਾਰ ਕੀਤੀ ਗਈ, ਉਹ ਥਾਣਾ ਸੁਧਾਰ ਦਾ ਇਲਾਕਾ ਹੈ। ਦੋਵੇਂ ਥਾਣਿਆਂ ਦੀ ਪੁਲੀਸ ਇਲਾਕੇ ਦੇ ਬਹਾਨੇ ਕਾਰਵਾਈ ਤੋਂ ਪੱਲਾ ਝਾੜਦੀ ਦਿਖਾਈ ਦੇ ਰਹੀ ਹੈ। ਸਾਧੂ ਸਿੰਘ ਨੇ ਦੋਸ਼ ਲਾਇਆ ਕਿ ਸ਼ਿਕਾਇਤ ਕਰਨ ਦੀ ਸੂਰਤ ਵਿੱਚ ਨਤੀਜੇ ਭੁਗਤਣ ਦੀ ਧਮਕੀ ਦਿੱਤੀ ਜਾ ਰਹੀ ਹੈ। ਸਾਧੂ ਸਿੰਘ ਅਨੁਸਾਰ ਕੰਪਨੀ ਦੇ ਮੈਨੇਜਰ ਅਮਿਤ ਕੁਮਾਰ ਅਤੇ ਸਤੀਸ਼ ਕੁਮਾਰ ਵਿੱਚ ਖਹਬਿਾਜ਼ੀ ਚੱਲ ਰਹੀ ਹੈ ਅਤੇ ਅਮਿੱਤ ਕੁਮਾਰ ਨੂੰ ਦੂਜੇ ਧੜੇ ਉੱਪਰ ਹੇਰਾਫੇਰੀ ਦਾ ਸ਼ੱਕ ਹੈ। ਥਾਣਾ ਸੁਧਾਰ ਦੇ ਮੁਖੀ ਕਰਮਜੀਤ ਸਿੰਘ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਦੀ ਹਦਾਇਤ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਮੈਨੇਜਰ ਅਮਿੱਤ ਕੁਮਾਰ ਨੇ ਮਾਮੂਲੀ ਘੂਰ-ਘੱਪ ਦੀ ਗੱਲ ਤਾਂ ਮੰਨੀ ਪਰ ਕੁੱਟਮਾਰ ਦੇ ਦੋਸ਼ਾਂ ਨੂੰ ਨਕਾਰਿਆ।