ਖੇਤਰੀ ਪ੍ਰਤੀਨਿਧ
ਲੁਧਿਆਣਾ, 26 ਅਕਤੂਬਰ
ਬਾਲ ਮਨਾਂ ਨੂੰ ਸਮਰਪਿਤ ਕੌਮੀ ਪੁਰਸਕਾਰ ਜੇਤੂ ਅਧਿਆਪਕ ਤੇ ਪੰਜਾਬੀ ਲੇਖਕ ਕਰਮਜੀਤ ਸਿੰਘ ਗਰੇਵਾਲ ਦਾ ਨਵਾਂ ਬਾਲ ਗੀਤ ‘ਨਵੀਆਂ ਪੁਸਤਕਾਂ’ ਪੰਜਾਬ ਕਲਾ ਪਰਿਸ਼ਦ ਪੰਜਾਬ ਦੇ ਚੇਅਰਮੈਨ ਪਦਮਸ੍ਰੀ ਡਾਕਟਰ ਸੁਰਜੀਤ ਪਾਤਰ , ਪੰਜਾਬੀ ਲੋਕ ਵਿਰਾਸਤ ਅਕਾਦਮੀ ਲੁਧਿਆਣਾ ਦੇ ਚੇਅਰਮੈਨ ਪ੍ਰੋ. ਗੁਰਭਜਨ ਗਿੱਲ , ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ ਤੇ ਹੋਰ ਸਖ਼ਸ਼ੀਅਤਾਂ ਨੇ ਰਿਲੀਜ਼ ਕੀਤਾ। ਡਾ. ਪਾਤਰ ਨੇ ਕਰਮਜੀਤ ਗਰੇਵਾਲ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਬੱਚਿਆਂ ਨੂੰ ਨਾਲ ਲੈ ਕੇ ਤਿਆਰ ਕੀਤੇ ਅਜਿਹੇ ਚੰਗੇ ਤੇ ਉਤਸ਼ਾਹ ਵਧਾਊ ਗੀਤਾਂ ਦੀ ਬਹੁਤ ਲੋੜ ਹੈ। ਪ੍ਰੋ. ਗਿੱਲ ਨੇ ਕਿਹਾ ਕਿ ਕਰਮਜੀਤ ਗਰੇਵਾਲ ਲੰਬੇ ਸਮੇਂ ਤੋਂ ਲਗਾਤਾਰ ਬਾਲਾਂ ਲਈ ਗੀਤ, ਕਹਾਣੀਆਂ ਤੇ ਬਾਲ ਨਾਟਕਾਂ ਦੀ ਸਿਰਜਣਾ ਕਰ ਰਿਹਾ ਹੈ। ਡਾ. ਜੌਹਲ ਨੇ ਕਰਮਜੀਤ ਗਰੇਵਾਲ ਵੱਲੋਂ ਬੱਚਿਆਂ ਲਈ ਕੀਤੇ ਜਾ ਰਹੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਬਾਲ ਮਨਾਂ ਤੇ ਇਹ ਗੀਤ ਨਵੀਂ ਛਾਪ ਛੱਡੇਗਾ। ਜ਼ਿਕਰਯੋਗ ਹੈ ਕਿ ਕਰਮਜੀਤ ਗਰੇਵਾਲ ਬੱਚਿਆਂ ਲਈ 300 ਵੀਡੀਓ ਬਣਾ ਜਾ ਚੁੱਕਿਆ ਹੈ, ਜਿਨ੍ਹਾਂ ਨੂੰ ਅਮੈਰੀਕਨ ਇੰਡੀਆਂ ਫਾਊਂਡੇਸ਼ਨ ਟਰੱਸਟ ਤੇ ਹੋਰ ਰਾਸ਼ਟਰੀ ਤੇ ਅੰਤਰਰਾਸ਼ਟਰੀ ਸੰਸਥਾਵਾਂ ਵੱਲੋਂ ਇਨਾਮ ਮਿਲ ਚੁੱਕੇ ਹਨ। ਕਰਮਜੀਤ ਗਰੇਵਾਲ ਨੇ ਦੱਸਿਆ ਕਿ ਨਵੀਆਂ ਪੁਸਤਕਾਂ ਗੀਤ ਦਾ ਸੰਗੀਤ ਸਾਬੀ ਅਤੇ ਵੀਡੀਓ ਮਾਲਵਿੰਦਰ ਚੰਨੋ ਨੇ ਬਣਾਇਆ ਹੈ।ਇਹ ਗੀਤ ਬੱਚਿਆਂ ਦੇ ਨਾਲ਼ ਨਾਲ਼ ਵੱਡਿਆਂ ਨੂੰ ਵੀ ਬਚਪਨ ਦੇ ਸੁੰਦਰ ਸੰਸਾਰ ਵਿੱਚ ਲੈ ਕੇ ਜਾਵੇਗਾ। ਨਵੀਂ ਜਮਾਤ ਵਿੱਚ ਜਾਣ ਦਾ ਚਾਅ, ਨਵੀਆਂ ਪੁਸਤਕਾਂ, ਕਾਪੀਆਂ, ਪੈਂਸਿਲਾਂ ਤੇ ਨਵੇਂ ਅਹਿਸਾਸ ਨਾਲ਼ ਨਵੇਂ ਅਨੁਭਵ ਕਰਾਏਗਾ। ਇਸ ਗੀਤ ਦੇ ਰਿਲੀਜ਼ ਸਮਾਗਮ ਵਿੱਚ ਸ਼ਾਮਲ ਡਾ. ਗੁਰਇਕਬਾਲ ਸਿੰਘ , ਜਗਦੀਸ਼ ਸਿੰਘ ਗਰੇਵਾਲ, ਕਹਾਣੀਕਾਰ ਸੁਖਜੀਤ, ਸ਼ਾਇਰ ਤ੍ਰੈਲੋਚਨ ਲੋਚੀ, ਡਾ.ਗੁਲਜ਼ਾਰ ਪੰਧੇਰ, ਸਵਰਨਜੀਤ ਸਵੀ, ਸੁਰਿੰਦਰ ਸਿੰਘ ਸੁੰਨੜ, ਮਾਲਵਿੰਦਰ ਚੰਨੋ ਨੇ ਵੀ ਗਰੇਵਾਲ ਦੇ ਇਸ ਉਪਰਾਲੇ ਲਈ ਮੁਬਾਰਕਬਾਦ ਦਿੱਤੀ।