ਜਗਰਾਉਂ (ਨਿੱਜੀ ਪੱਤਰ ਪ੍ਰੇਰਕ): ਭਾਰਤ ਦੀ ਅੰਡਰ-17 ਫੁਟਬਾਲ ਟੀਮ ਵਿੱਚ ਸ਼ਾਮਲ ਇੱਥੋਂ ਨੇੜਲੇ ਪਿੰਡ ਕਮਾਲਪੁਰਾ ਦੇ ਦੋ ਹੋਣਹਾਰ ਖਿਡਾਰੀਆਂ ਦਾ ਪਿੰਡ ਵਾਸੀਆਂ ਨੇ ਸਨਮਾਨ ਕੀਤਾ। ਜਾਣਕਾਰੀ ਅਨੁਸਾਰ ਭਾਰਤੀ ਟੀਮ ਨੇ ਸ੍ਰੀਲੰਕਾ ਦੇ ਸੈਫ ਕੱਪ ਵਿੱਚ ਸੋਨ ਤਗ਼ਮਾ ਜਿੱਤਣ ਮਗਰੋਂ ਸਾਊਦੀ ਅਰਬ ਦੇ ਏਐੱਫਸੀ ਕੱਪ ਜਿੱਤ ਕੇ ਏਸ਼ੀਆ ਕੱਪ ਲਈ ਕੁਆਲੀਫਾਈ ਕੀਤਾ ਹੈ। ਸਮੁੱਚੇ ਪਿੰਡ ਨੇ ਅੱਜ ਦੋਵਾਂ ਖਿਡਾਰੀਆਂ ਗੁਰਨਾਜ਼ ਗਰੇਵਾਲ ਅਤੇ ਬਲਕਰਨ ਹੰਸਰਾ ਦਾ ਸਨਮਾਨ ਕੀਤਾ। ਦੋਹਾਂ ਖਿਡਾਰੀਆਂ ਨੇ ਕਾਫ਼ਲੇ ਦੇ ਰੂਪ ਵਿੱਚ ਪੂਰੇ ਪਿੰਡ ਦਾ ਚੱਕਰ ਲਾਇਆ, ਜਿੱਥੇ ਥਾਂ-ਥਾਂ ਪਿੰਡ ਵਾਸੀਆਂ ਨੇ ਹਾਰ ਪਾ ਕੇ ਖਿਡਾਰੀਆਂ ਦਾ ਹੌਂਸਲਾ ਵਧਾਇਆ। ਕਲਗੀਧਰ ਸਪੋਰਟਸ ਐਸੋਸੀਏਸ਼ਨ, ਗਰਾਮ ਪੰਚਾਇਤ, ਕਲਗੀਧਰ ਕ੍ਰਿਕਟ ਕਲੱਬ ਅਤੇ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਵੱਲੋਂ ਪਿੰਡ ਵਿੱਚ ਸਮਾਗਮ ਵੀ ਕਰਵਾਇਆ ਗਿਆ। ਖਿਡਾਰੀਆਂ ਦੇ ਮਾਪਿਆਂ ਗੁਰਸੇਵਕ ਸਿੰਘ ਗਰੇਵਾਲ ਤੇ ਬੇਅੰਤ ਸਿੰਘ ਹੰਸਰਾ ਨੇ ਸਮੁੱਚੇ ਨਗਰ ਦਾ ਇਹ ਮਾਣ-ਸਨਮਾਨ ਦੇਣ ਲਈ ਧੰਨਵਾਦ ਕੀਤਾ।