ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 18 ਅਕਤੂਬਰ
ਪੰਜਾਬ ਪੁਲੀਸ ਦਾ ਇੰਸਪੈਕਟਰ ਦੱਸ ਕੇ ਥਾਣੇ ਆਉਣ ਵਾਲੇ ਲੋਕਾਂ ਦੇ ਮਾਮਲੇ ਨੂੰ ਰਫ਼ਾ-ਦਫ਼ਾ ਕਰਵਾਉਣ ਦੇ ਨਾਮ ’ਤੇ ਠੱਗੀ ਮਾਰਨ ਵਾਲੇ ਇੱਕ ਜਾਅਲੀ ਇੰਸਪੈਕਟਰ ਨੂੰ ਥਾਣਾ ਡਵੀਜ਼ਨ ਨੰਬਰ 7 ਦੀ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਹੈ। ਥਾਣੇ ਵਿੱਚ ਰੇਕੀ ਕਰਨ ਵਾਲਾ ਮੁਲਜ਼ਮ ਦਾ ਇੱਕ ਸਾਥੀ ਫ਼ਰਾਰ ਹੋ ਹੈ। ਪੁਲੀਸ ਨੇ ਮੁਲਜ਼ਮ ਦੇ ਕਬਜ਼ੇ ਵਿੱਚੋਂ ਪੰਜਾਬ ਪੁਲੀਸ ਦੇ ਇੰਸਪੈਕਟਰ ਦੀ ਵਰਦੀ, ਐਕਟਿਵਾ ਅਤੇ ਜਾਅਲੀ ਆਈਡੀ ਕਾਰਡ ਬਰਾਮਦ ਕੀਤਾ ਹੈ। ਇਸ ਮਾਮਲੇ ’ਚ ਪੁਲੀਸ ਨੇ ਧੂਰੀ ਲਾਈਨ ਸਥਿਤ ਮਲਹੋਤਰਾ ਮਨੋਹਰ ਨਗਰ ਵਾਸੀ ਸੁਖਮਨਜੀਤ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕਰ ਕੇ ਤਿੰਨ ਦਿਨਾਂ ਰਿਮਾਂਡ ਹਾਸਲ ਕੀਤਾ ਗਿਆ। ਪੁਲੀਸ ਨੇ ਮੁਲਜ਼ਮ ਤੋਂ ਪੁੱਛ ਪੜਤਾਲ ਕਰ ਕੇ ਉਸ ਦੇ ਫ਼ਰਾਰ ਸਾਥੀ ਜਗਰਾਉਂ ਦੇ ਮੁਹੱਲਾ ਲੋਪੋ ਵਾਸੀ ਮੱਖਣ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਜਾਂਚ ਅਧਿਕਾਰੀ ਏਐੱਸਆਈ ਪ੍ਰੇਮ ਚੰਦ ਨੇ ਦੱਸਿਆ ਕਿ ਪੁਲੀਸ ਟੀਮ ਨੇ ਸੂਹ ਦੇ ਆਧਾਰ ’ਤੇ ਤਾਜਪੁਰ ਰੋਡ ਸਥਿਤ ਧਰਮ ਕੰਡੇ ਕੋਲ ਪੰਜਾਬ ਪੁਲੀਸ ਦਾ ਇੰਸਪੈਕਟਰ ਬਣ ਕੇ ਲੋਕਾਂ ਨਾਲ ਠੱਗੀ ਮਾਰ ਰਹੇ ਮੁਲਜ਼ਮ ਨੂੰ ਮੌਕੇ ’ਤੇ ਕਾਬੂ ਕੀਤਾ, ਜਦਕਿ ਉਸ ਦਾ ਸਾਥੀ ਫ਼ਰਾਰ ਹੋ ਗਿਆ। ਏਐਸਆਈ ਪ੍ਰੇਮ ਚੰਦ ਅਨੁਸਾਰ ਮੁਲਜ਼ਮ ਕਈ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾ ਚੁੱਕੇ ਹਨ। ਮੁਲਜ਼ਮ ਖ਼ਿਲਾਫ਼ ਪਹਿਲਾਂ ਵੀ ਥਾਣਾ ਹਠੂਰ ’ਚ ਜਾਅਲੀ ਜੀਐੱਸਟੀ ਮੁਲਾਜ਼ਮ ਬਣਨ ਦਾ ਕੇਸ ਦਰਜ ਹੈ। ਜੇਲ੍ਹ ’ਚੋਂ ਬਾਹਰ ਆਉਣ ਮਗਰੋਂ ਮੁਲਜ਼ਮ ਨੇ ਪੰਜਾਬ ਪੁਲੀਸ ਦੀ ਵਰਦੀ ਖਰੀਦੀ ਤੇ ਖੁਦ ਨੂੰ ਪੰਜਾਬ ਪੁਲੀਸ ਦਾ ਇੰਸਪੈਕਟਰ ਦੱਸ ਠੱਗੀ ਮਾਰਨੀ ਸ਼ੁਰੂ ਕਰ ਦਿੱਤੀ ਹੈ।