ਖੇਤਰੀ ਪ੍ਰਤੀਨਿਧ
ਲੁਧਿਆਣਾ, 2 ਜੁਲਾਈ
ਤਰਕਸ਼ੀਲ ਸੁਸਾਇਟੀ ਦੇ ਲੁਧਿਆਣਾ ਜ਼ੋਨ ਦੀ ਮੀਟਿੰਗ ਜ਼ੋਨ ਜਥੇਬੰਦਕ ਮੁਖੀ ਜਸਵੰਤ ਜਰੀਖ ਦੀ ਪ੍ਰਧਾਨਗੀ ਹੇਠ ਲੁਧਿਆਣਾ ਦਫਤਰ ਵਿੱਚ ਹੋਈ। ਇਸ ਮੌਕੇ ਸੁਸਾਇਟੀ ਦਾ ਜੁਲਾਈ-ਅਗਸਤ ਦਾ ਤਰਕਸ਼ੀਲ ਰਸਾਲਾ ਲੋਕ ਅਰਪਣ ਕੀਤਾ ਗਿਆ। ਇਸ ਮੀਟਿੰਗ ਵਿੱਚ ਸੁਸਾਇਟੀ ਵੱਲੋਂ ਪੰਜਵੀਂ ਸਾਲਾਨਾ ਵਿਦਿਆਰਥੀ ਚੇਤਨਾ ਪਰਖ਼ ਪ੍ਰੀਖਿਆ ਦੀਆਂ ਤਿਆਰੀਆਂ ਬਾਰੇ ਚਰਚਾ ਕੀਤੀ ਗਈ। ਇਸ ਪ੍ਰੀਖ਼ਿਆ ਸਬੰਧੀ ਸੁਸਾਇਟੀ ਵੱਲੋਂ ਤਿਆਰ ਕੀਤੇ ਵਿਸ਼ੇਸ਼ ਸਲੇਬਸ ਦੀਆਂ ਕਿਤਾਬਾਂ ਪਹਿਲਾਂ ਹੀ ਚੋਣਵੇਂ ਸਕੂਲਾਂ ਵਿੱਚ ਵੰਡੀਆਂ ਜਾ ਚੁੱਕੀਆਂ ਹਨ। ਮੀਟਿੰਗ ਵਿੱਚ ਹਾਜ਼ਰ ਲੁਧਿਆਣਾ ਜ਼ੋਨ ਦੀਆਂ ਇਕਾਈਆਂ ਦੇ ਮੁਖੀਆਂ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਜ਼ੋਨ ਵਿੱਚੋਂ ਲਗਪੱਗ 2500 ਵਿਦਿਆਰਥੀਆਂ ਦੇ ਇਸ ਪ੍ਰੀਖਿਆ ਵਿਖ ਭਾਗ ਲੈਣ ਦੀ ਸੰਭਾਵਨਾ ਹੈ ਜੋ ਕਿ ਪੰਜਾਬ ਭਰ ਵਿੱਚ 26 ਅਤੇ 27 ਅਗਸਤ ਨੂੰ ਹੋ ਰਹੀ ਹੈ। ਮੀਟਿੰਗ ਵਿੱਚ ਕੇਂਦਰ ਸਰਕਾਰ ਵੱਲੋਂ ਈਡੀ ਰਾਹੀਂ ਡਾ. ਨਵਸ਼ਰਨ ਅਤੇ ਹੋਰ ਅਗਾਂਹਵਧੂ ਵਿਚਾਰਧਾਰਾ ਵਾਲੇ ਬੁੱਧੀਜੀਵੀਆਂ ਨੂੰ ਪ੍ਰੇਸ਼ਾਨ ਕਰਨ ਅਤੇ ਪਹਿਲਵਾਨ ਕੁੜੀਆਂ ਨੂੰ ਇਨਸਾਫ ਦੇਣ ਦੀ ਬਜਾਏ ਆਪਣੇ ਸੰਸਦ ਮੈਂਬਰ ਦੀ ਪੁਸ਼ਤ ਪਨਾਹੀ ਕਰਨ ਦੀ ਨਿਖੇਧੀ ਕੀਤੀ ਗਈ। ਇਸ ਮੌਕੇ ਸਾਂਝੇ ਸਿਵਲ ਕੋਡ ਬਿਲ ਸਬੰਧੀ ਸੁਸਾਇਟੀ ਵੱਲੋਂ ਸਰਕਾਰ ਨੂੰ ਦਿੱਤੇ ਖਰੜੇ ’ਤੇ ਅਧਾਰਿਤ ਪੰਜਾਬ ਵਿੱਚ ਅੰਧਵਿਸ਼ਵਾਸ ਰੋਕੂ ਕਾਨੂੰਨ ਬਣਾਉਣ ਦੀ ਮੰਗ ਉਠਾਈ ਗਈ। ਵਿਦਿਅਕ ਸਿਲੇਬਸ ਵਿੱਚੋਂ ਡਾਰਵਿਨ ਦੇ ਜੀਵਨ ਵਿਕਾਸ ਦਾ ਚੈਪਟਰ ਹਟਾਉਣ ਨੂੰ ਵੀ ਅੰਧਵਿਸ਼ਵਾਸ ਫੈਲਾਉਣ ਦੇ ਤੁਲ ਕਰਾਰ ਦਿੱਤਾ। ਮੀਟਿੰਗ ਵਿੱਚ ਆਤਮਾ ਸਿੰਘ, ਰਜਿੰਦਰ ਜੰਡਿਆਲੀ, ਮੋਹਨ ਸਿੰਘ ਬਡਾਲਾ, ਮੇਜਰ ਸਿੰਘ, ਨਛੱਤਰ ਸਿੰਘ, ਹਰਚੰਦ ਭਿੰਡਰ ਅਤੇ ਧਰਮਪਾਲ ਸਿੰਘ ਆਦਿ ਆਗੂ ਵੀ ਹਾਜ਼ਰ ਸਨ।