ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 6 ਅਪਰੈਲ
ਕੇਂਦਰ ਸਰਕਾਰ ਦੇ ਪੰਚਾਇਤੀ ਰਾਜ ਮੰਤਰਾਲੇ ਨੇ ਮਾਛੀਵਾੜਾ ਬਲਾਕ ਦੇ ਪਿੰਡ ਗੁਰੂਗੜ੍ਹ ਨੂੰ ਵਧੀਆ ਕਾਰਗੁਜ਼ਾਰੀ ਬਦਲੇ ‘ਦੀਨ ਦਿਆਲ ਉਪਧਿਆਏ ਪੰਚਾਇਤ ਸਸ਼ਕਤੀਕਰਨ’ ਕੌਮੀ ਪੁਰਸਕਾਰ ਲਈ ਚੁਣਿਆ ਹੈ। ਪੰਜਾਬ ਦੇ 9 ਪਿੰਡ ਇਸ ਕੌਮੀ ਪੁਰਸਕਾਰ ਲਈ ਚੁਣੇ ਗਏ ਹਨ ਪਰ ਲੁਧਿਆਣਾ ਜ਼ਿਲ੍ਹਾ ਦਾ ਇੱਕੋ-ਇੱਕ ਪਿੰਡ ਗੁਰੂਗੜ੍ਹ ਜੋ ਆਧੁਨਿਕ ਸਹੂਲਤਾਂ ਨਾਲ ਲੈੱਸ ਅਤੇ ਸੁੰਦਰ ਦਿੱਖ ਕਾਰਨ ਹਰੇਕ ਨੂੰ ਆਕਰਸ਼ਿਤ ਕਰਦਾ ਹੈ। 600 ਦੀ ਆਬਾਦੀ ਵਾਲੇ ਇਸ ਪਿੰਡ ਦੀ ਸਰਪੰਚ ਇੱਕ ਮਹਿਲਾ ਹੈ, ਜਿਸ ਨੇ ਪਿੰਡ ਨੂੰ ਕੌਮੀ ਪੁਰਸਕਾਰ ਤੱਕ ਪਹੁੰਚਾਇਆ ਹੈ। ਇਸ ਦੌਰਾਨ ਗੱਲਬਾਤਰ ਕਰਦਿਆਂ ਸਰਪੰਚ ਮਮਤਾ ਨੇ ਦੱਸਿਆ ਕਿ ਉਨ੍ਹਾਂ ਵਲੋਂ ਪਿੰਡ ’ਚ ਬੱਚਿਆਂ ਦਾ ਸਿੱਖਿਆ ਪੱਧਰ ਉੱਚਾ ਚੁੱਕਣ ਦਾ ਯਤਨ ਕੀਤਾ ਗਿਆ, ਜਿਸ ਤਹਿਤ ਪਿੰਡ ਦਾ ਪ੍ਰਾਇਮਰੀ ਸਕੂਲ ਲੁਧਿਆਣਾ ਜ਼ਿਲ੍ਹੇ ਵਿਚ ਸਭ ਤੋਂ ਅੱਵਲ ਹੈ, ਜਿੱਥੇ ਵਿਦਿਆਰਥੀਆਂ ਲਈ ਸਮਾਰਟ ਕਲਾਸਾਂ, ਏ.ਸੀ, ਖੇਡਣ ਲਈ ਪਾਰਕ ਤੇ ਝੂਲੇ ਅਤੇ ਸੀਸੀਟੀਵੀ ਕੈਮਰੇ ਵੀ ਲਗਾਏ ਗਏ ਹਨ। ਇਸ ਤੋਂ ਇਲਾਵਾ ਪਿੰਡ ਦੇ ਨੌਜਵਾਨਾਂ ਤੇ ਬੱਚਿਆਂ ਲਈ ਜਿਮ ਖੋਲ੍ਹਿਆ ਗਿਆ।
ਸਰਪੰਚ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਥਾਪਰ ਮਾਡਲ ਤਹਿਤ ਪਿੰਡ ਦੇ ਸਾਰੇ ਗੰਦੇ ਪਾਣੀ ਦੇ ਨਿਕਾਸ ਲਈ ਟ੍ਰੀਟਮੈਂਟ ਪਲਾਂਟ ਲਗਾਇਆ ਗਿਆ। ਇਸ ਤੋਂ ਇਲਾਵਾ ਪਿੰਡ ਦੀਆਂ ਸਾਰੀਆਂ ਸੜਕਾਂ ਦੇ ਬਰਮਾਂ ’ਤੇ ਦਰੱਖਤ ਤੇ ਫੁੱਲਦਾਰ ਪੌਦੇ ਲਗਾਏ ਗਏ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਪਿੰਡ ’ਚ ਦਾਖਲ ਹੋਣ ਵਾਲੇ ਸਾਰੇ ਪ੍ਰਮੁੱਖ ਸਥਾਨਾਂ ’ਤੇ ਸੀਸੀਟੀਵੀ ਕੈਮਰੇ ਲਗਾਏ ਗਏ ਹਨ ਤਾਂ ਜੋ ਪਿੰਡ ’ਚ ਕਿਸੇ ਸ਼ਰਾਰਤੀ ਅਨਸਰ ਦੇ ਦਾਖ਼ਲੇ ਬਾਰੇ ਪਤਾ ਲੱਗ ਸਕੇ। ਪਿੰਡ ਦੇ ਲੋਕਾਂ ਨੂੰ ਸ਼ੁੱਧ ਪਾਣੀ ਮੁਹੱਈਆ ਕਰਵਾਉਣ ਲਈ ਆਰ.ਓ. ਸਿਸਟਮ ਵੀ ਲਗਾਇਆ ਗਿਆ ਹੈ। ਸਰਪੰਚ ਮਮਤਾ ਨੇ ਦੱਸਿਆ ਕਿ ਪਿੰਡ ਦੀ ਨੁਹਾਰ ਬਦਲਣ ਲਈ ਜਿੱਥੇ ਸਰਕਾਰ ਨੇ ਗ੍ਰਾਂਟ ਦਿੱਤੀ, ਉੱਥੇ ਹੀ ਪਿੰਡ ਦੀ 52 ਏਕੜ ਪੰਚਾਇਤੀ ਜ਼ਮੀਨ, ਜੋ ਹਰੇਕ ਸਾਲ ਚਕੌਤੇ ’ਤੇ ਦਿੱਤੀ ਜਾਂਦੀ ਹੈ, ਦੀ ਆਮਦਨ ਨਾਲ ਇਹ ਸਾਰੇ ਵਿਕਾਸ ਕਾਰਜ ਕਰਵਾਏ ਗਏ ਹਨ।