ਸਤਵਿੰਦਰ ਬਸਰਾ
ਲੁਧਿਆਣਾ, 9 ਅਗਸਤ
ਜਰਖੜ ਹਾਕੀ ਅਕੈਡਮੀ ਵੱਲੋਂ ਕੌਮੀ ਹਾਕੀ ਖਿਡਾਰੀ ਧਰਮਿੰਦਰ ਸਿੰਘ ਮਨੀ ਦੀ ਮਾਤਾ ਗੁਰਮੀਤ ਕੌਰ ਅਤੇ ਸਵਰਗੀ ਹਾਕੀ ਖਿਡਾਰੀ ਗੁਰਿੰਦਰਪਾਲ ਸਿੰਘ ਵੜੈਚ ਦੀ ਯਾਦ ਨੂੰ ਸਮਰਪਿਤ ਜਰਖੜ ਹਾਕੀ ਸਟੇਡੀਅਮ ਵਿੱਚ 7-ਏ-ਸਾਈਡ ਹਾਕੀ ਲੀਗ ਧੂਮ ਧੜੱਕੇ ਨਾਲ ਸਮਾਪਤ ਹੋਈ। ਜਰਖੜ ਸਟੇਡੀਅਮ ਵਿੱਚ ਲੀਗ ਦੇ ਆਖਰੀ ਦਿਨ ਖੇਡੇ ਗਏ ਫਾਈਨਲ ਮੁਕਾਬਲਿਆਂ ਵਿੱਚ ਸਬ-ਜੂਨੀਅਰ ਵਰਗ ਵਿੱਚ ਰਾਮਪੁਰ ਕੋਚਿੰਗ ਸੈਂਟਰ ਅਤੇ ਸੀਨੀਅਰ ਵਰਗ ਵਿੱਚ ਜਰਖੜ ਹਾਕੀ ਅਕੈਡਮੀ ਚੈਂਪੀਅਨ ਬਣੇ।
ਸੀਨੀਅਰ ਵਰਗ ਦੇ ਫਾਈਨਲ ਮੁਕਾਬਲੇ ਵਿੱਚ ਜਰਖੜ ਹਾਕੀ ਅਕੈਡਮੀ ਨੇ ਗਿੱਲ ਕਲੱਬ ਘਵੱਦੀ ਨੂੰ 8-5 ਗੋਲਾਂ ਨਾਲ ਹਰਾ ਕੇ ਖਿਤਾਬੀ ਜਿੱਤ ਹਾਸਲ ਕੀਤੀ। ਜਰਖੜ ਅਕੈਡਮੀ ਦੇ ਸ਼ਰਨਪ੍ਰੀਤ ਸਿੰਘ ਨੂੰ ‘ਮੈਨ ਆਫ ਦਾ ਟੂਰਨਾਮੈਂਟ’ ਜਦਕਿ ਪਵਨ ਪ੍ਰੀਤ ਸਿੰਘ ਜਰਖੜ, ਰਵਿੰਦਰ ਸਿੰਘ ਕਾਲਾ ਘਵੱਦੀ ਅਤੇ ਸੰਪੂਰਨ ਸਿੰਘ ਘਵੱਦੀ ਗੋਲਕੀਪਰ ਸਰਵੋਤਮ ਖਿਡਾਰੀ ਐਲਾਨੇ ਗਏ । ਟੂਰਨਾਮੈਂਟ ਦੇ ਸਰਵੋਤਮ ਖਿਡਾਰੀ ਅਤੇ ਅਮਰਗੜ੍ਹ ਦੀਆਂ ਲੜਕੀਆਂ ਨੂੰ ਸਾਈਕਲ ਦੇ ਕੇ ਸਨਮਾਨਿਆ ਗਿਆ ।
ਦੂਜੇ ਫਾਈਨਲ ਮੈਚ ਵਿੱਚ ਜੂਨੀਅਰ ਵਰਗ ਵਿੱਚ ਰਾਮਪੁਰ ਕੋਚਿੰਗ ਸੈਂਟਰ ਨੇ ਅਮਰਗੜ੍ਹ ਹਾਕੀ ਸੈਂਟਰ (ਮਲੇਰਕੋਟਲਾ) ਨੂੰ 4-1 ਗੋਲਾਂ ਨਾਲ ਹਰਾਇਆ । ਰਾਮਪੁਰ ਸੈਂਟਰ ਦੇ ਅਰਸ਼ਪ੍ਰੀਤ ਸਿੰਘ ਨੂੰ ਮੈਨ ਆਫ ਦਾ ਟੂਰਨਾਮੈਂਟ , ਨਵਜੋਤ ਸਿੰਘ ਰਾਮਪੁਰ ,ਅੰਗਦ ਸਿੰਘ ਤੇ ਸੁਖਦੀਪ ਸਿੰਘ ਅਮਰਗੜ੍ਹ , ਅਨੂਪ੍ਰੀਤ ਸਿੰਘ ਜਰਖੜ ਆਦਿ ਸਰਵੋਤਮ ਖਿਡਾਰੀ ਐਲਾਨੇ ਗਏ। ਇਨ੍ਹਾਂ ਸਾਰੇ ਖਿਡਾਰੀਆਂ ਨੂੰ ਬਦਾਮ ਅਤੇ ਦੇਸੀ ਘਿਓ ਨਾਲ ਸਨਮਾਨਿਆ ਗਿਆ।
ਜਰਖੜ ਹਾਕੀ ਲੀਗ ਦੇ ਫਾਈਨਲ ਸਮਾਰੋਹ ਤੇ ਮੁੱਖ ਮਹਿਮਾਨ ਵਜੋਂ ਪੁੱਜੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਪਹੁੰਚੇ। ਇਸ ਮੌਕੇ ਉਨ੍ਹਾਂ ਦਾ ਜਰਖੜ ਅਕੈਡਮੀ ਦੇ ਬੱਚਿਆਂ ਨੇ ਜ਼ੋਰਦਾਰ ਸਵਾਗਤ ਕੀਤਾ ਅਤੇ ਭਾਰਤੀ ਹਾਕੀ ਟੀਮ ਦੇ ਤਮਗਾ ਜਿੱਤਣ ਤੇ ਉਨ੍ਹਾਂ ਨੂੰ ਲੱਡੂ ਖੁਆ ਕੇ ਮੂੰਹ ਮਿੱਠਾ ਕਰਵਾਇਆ। ਇਸ ਮੌਕੇ ਸ੍ਰੀ ਢੀਂਡਸਾ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਕਿਹਾ ਕਿ ਜਰਖੜ ਸਟੇਡੀਅਮ ਪੇਂਡੂ ਖੇਡਾਂ ਦਾ ਮੱਕਾ ਬਣ ਗਿਆ ਹੈ ਉਨ੍ਹਾਂ ਨੇ ਆਪਣੇ ਪਿਤਾ ਸੁਖਦੇਵ ਸਿੰਘ ਢੀਂਡਸਾ ਮੈਬਰ ਰਾਜ ਸਭਾ ਦੇ ਅਖ਼ਤਿਆਰੀ ਕੋਟੇ ਵਿੱਚੋਂ 5 ਲੱਖ ਰੁਪਏ ਜਰਖੜ ਸਟੇਡੀਅਮ ਵਾਸਤੇ ਦੇਣ ਦਾ ਐਲਾਨ ਕੀਤਾ। ਮੈਚਾਂ ਦੀ ਸਮਾਪਤੀ ਤੇ ਜਹਾਨੋਂ ਤੁਰ ਗਏ ਨੌਜਵਾਨ ਖਿਡਾਰੀ ਗੁਰਿੰਦਰ ਸਿੰਘ ਵੜੈਚ ਅਤੇ ਮਾਤਾ ਗੁਰਮੀਤ ਕੌਰ ਦੇ ਪਰਿਵਾਰਾਂ, ਰਵਿੰਦਰ ਸਿੰਘ ਵੜੈਚ, ਧਰਮਿੰਦਰ ਸਿੰਘ ਮਨੀ , ਸਿਮਰਨ ਪ੍ਰਭਦੀਪ ਕੌਰ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।