ਜਰਖੜ ਹਾਕੀ ਅਕੈਡਮੀ ਵੱਲੋਂ ਮਿਲਖਾ ਸਿੰਘ ਨੂੰ ਸ਼ਰਧਾਂਜਲੀਆਂ

ਜਰਖੜ ਹਾਕੀ ਅਕੈਡਮੀ ਵੱਲੋਂ ਮਿਲਖਾ ਸਿੰਘ ਨੂੰ ਸ਼ਰਧਾਂਜਲੀਆਂ

ਮਿਲਖਾ ਸਿੰਘ ਦੇ ਆਦਮਕੱਦ ਬੁੱਤ ’ਤੇ ਹਾਰ ਪਾ ਕੇ ਸ਼ਰਧਾਂਜਲੀ ਦਿੰਦੇ ਹੋਏ ਜਰਖੜ ਅਕੈਡਮੀ ਦੇ ਪ੍ਰਬੰਧਕ ਅਤੇ ਖਿਡਾਰੀ।

ਸਤਵਿੰਦਰ ਬਸਰਾ

ਲੁਧਿਆਣਾ, 20 ਜੂਨ

ਬੀਤੇ ਦਿਨੀਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਉੱਡਣਾ ਸਿੱਖ ਮਿਲਖਾ ਸਿੰਘ ਨੂੰ ਵੱਖ-ਵੱਖ ਖੇਡ ਸੰਸਥਾਵਾਂ/ਅਕੈਡਮੀਆਂ ਵੱਲੋਂ ਨਿੱਘੀਆ ਸ਼ਰਧਾਂਜਲੀਆ ਦਿੱਤੀਆਂ ਗਈਆਂ। ਜਰਖੜ ਹਾਕੀ ਅਕੈਡਮੀ ਦੇ ਸਮੂਹ ਪ੍ਰਬੰਧਕਾਂ ਅਤੇ ਖਿਡਾਰੀਆਂ ਨੇ ਉੱਡਣਾ ਸਿੱਖ ਮਿਲਖਾ ਸਿੰਘ ਦੇ ਆਦਮਕੱਦ ਬੁੱਤ ਉੱਤੇ ਫੁੱਲਮਾਲਾ ਭੇਂਟ ਕਰ ਕੇ ਉਨ੍ਹਾਂ ਦੀ ਆਤਮਕ ਸ਼ਾਂਤੀ ਲਈ ਅਰਦਾਸ ਕੀਤੀ। ਜਰਖੜ ਖੇਡਾਂ ਦੇ ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਨੇ ਦੱਸਿਆ ਕਿ ਜਰਖੜ ਖੇਡਾਂ ਵਾਲਿਆਂ ਨੇ ਮਿਲਖਾ ਸਿੰਘ ਨਾਲ ਜਿਊਂਦੇ ਜੀਅ ਯਾਰੀ ਨਿਭਾਈ ਹੈ। ਉਸ ਦੀਆਂ ਮਹਾਨ ਪ੍ਰਾਪਤੀਆਂ ਨੂੰ ਦਰਸਾਉਂਦਾ 27 ਫੁੱਟ ਉੱਚਾ ਬੁੱਤ ਸਥਾਪਤ ਕੀਤਾ ਸੀ। ਉਨ੍ਹਾਂ ਦੱਸਿਆ ਕਿ ਮਾਤਾ ਸਾਹਿਬ ਕੌਰ ਖੇਡ ਸਟੇਡੀਅਮ ਜਰਖੜ ਭਾਰਤ ਦਾ ਇੱਕੋ ਇੱਕ ਅਜਿਹਾ ਸਟੇਡੀਅਮ ਹੈ, ਜਿੱਥੇ ਉੱਡਣਾ ਸਿੱਖ ਮਿਲਖਾ ਸਿੰਘ ਦਾ ਜਿਊਂਦੇ ਜੀਅ ਆਦਮਕੱਦ ਬੁੱਤ ਲਗਾਇਆ ਗਿਆ ਸੀ। ਇਸ ਬੁੱਤ ਦਾ ਉਦਘਾਟਨ ਖੁਦ ਮਿਲਖਾ ਸਿੰਘ ਨੇ 17 ਜਨਵਰੀ 2014 ਨੂੰ ਕੀਤਾ ਸੀ। ਉਹ 28ਵੇਂ ਸਾਲ 2014 ਦੇ ਜਰਖੜ ਖੇਡ ਮੇਲੇ ਉਤੇ ਬਤੌਰ ਮੁੱਖ ਮਹਿਮਾਨ ਪਹੁੰਚੇ ਸਨ। ਇਸ ਮੌਕੇ ਉਨ੍ਹਾਂ ਨੇ ਜਦੋਂ ਆਪਣੀ ਜ਼ਿੰਦਗੀ ਦੀ ਤਰਸਯੋਗ ਹਾਲਤ , ਘਾਲਣਾ, ਗਰੀਬੀ, ਸੰਘਰਸ਼ ਦਾ ਵਰਣਨ ਕੀਤਾ ਸੀ ਤਾਂ ਹਰ ਖੇਡ ਪ੍ਰੇਮੀ ਦੀ ਅੱਖ ਨਮ ਹੋਈ ਸੀ, ਹੁਣ ਉਨ੍ਹਾਂ ਦੇ ਤੁਰ ਜਾਣ ਤੋਂ ਬਾਅਦ ਫਿਰ ਉਸੇ ਤਰ੍ਹਾਂ ਖਿਡਾਰੀਆਂ ਦੀਆਂ ਅੱਖਾਂ ਨਮ ਹੋਈਆਂ ਹਨ। ਉਹ ਉੱਭਰਦੇ ਖਿਡਾਰੀਆਂ ਲਈ ਇਕ ਪ੍ਰੇਰਨਾ ਸਰੋਤ ਹਨ। ਓੁੱਡਣਾ ਸਿੱਖ ਨੇ ਆਪਣੀ ਜ਼ਿੰਦਗੀ ਵਿੱਚ 80 ਅੰਤਰਰਾਸ਼ਟਰੀ ਪੱਧਰ ਦੀਆਂ ਕੁੱਲ ਦੌੜਾਂ ਦੌੜੀਆਂ ਜਿਨ੍ਹਾਂ ਵਿੱਚੋਂ 77 ਜਿੱਤੀਆਂ। ਪਾਕਿਸਤਾਨ ਦੇ ਰਾਸ਼ਟਰਪਤੀ ਅਯੂਬ ਖ਼ਾਨ ਨੇ ਉਨ੍ਹਾਂ ਨੂੰ ਉਡਣਾ ਸਿੱਖ ਦਾ ਖ਼ਿਤਾਬ ਦਿੱਤਾ ਪਰ ਉਨ੍ਹਾਂ ਨੂੰ ਰੋਮ ਓਲੰਪਿਕ ਵਿੱਚ 400 ਮੀਟਰ ਦੌੜ ਵਿੱਚ 45:6 ਸੈਕਿੰਡ ਦਾ ਨਵਾਂ ਰਿਕਾਰਡ ਬਣਾਉਣ ਦੇ ਬਾਵਜੂਦ ਵੀ ਤਗ਼ਮਾ ਨਾ ਜਿੱਤਣ ਦਾ ਬੜਾ ਦੁੱਖ ਸੀ ਤੇ ਦੂਸਰਾ ਉਹ ਚਾਹੁੰਦੇ ਸਨ ਕਿ ਜਿਊਂਦੇ ਜੀਅ ਪੰਜਾਬ ਦਾ ਕੋਈ ਅਥਲੀਟ ਮਿਲਖਾ ਸਿੰਘ ਦਾ ਰਿਕਾਰਡ ਤੋੜੇ ਪਰ ਉਨ੍ਹਾਂ ਦਾ ਇਹ ਸੁਪਨਾ ਸਾਕਾਰ ਨਹੀਂ ਹੋ ਸਕਿਆ। ਅੱਜ ਜਰਖੜ ਸਟੇਡੀਅਮ ਵਿੱਚ ਉਨ੍ਹਾਂ ਦੇ ਆਦਮਕੱਦ ਬੁੱਤ ਉਤੇ ਖਿਡਾਰੀਆਂ ਵੱਲੋਂ ਸ਼ਰਧਾ ਦੇ ਫੁੱਲ ਭੇਟ ਕਰਨ ਮੌਕੇ ਅਕੈਡਮੀ ਦੇ ਡਾਇਰੈਕਟਰ ਸ੍ਰੀ ਜਰਖੜ ਤੋਂ ਇਲਾਵਾ ਕੋਚ ਗੁਰਸਤਿੰਦਰ ਸਿੰਘ ਪਰਗਟ, ਯਾਦਵਿੰਦਰ ਸਿੰਘ ਤੂਰ, ਸੰਦੀਪ ਸਿੰਘ ਪੰਧੇਰ ਅਤੇ ਖਿਡਾਰੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

ਇਸੇ ਤਰ੍ਹਾਂ ਪੰਜਾਬ ਬਾਸਕਟਬਾਲ ਐਸੋਸੀਏਸ਼ਨ ਦੇ ਪ੍ਰਬੰਧਕਾਂ ਨੇ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿੱਚ ਇਕੱਤਰ ਹੋ ਕੇ ਮਿਲਖਾ ਸਿੰਘ ਨੂੰ ਸ਼ਰਧਾਂਜਲੀਆਂ ਦਿੱਤੀਆਂ। ਇਸ ਮੌਕੇ ਐਸੋਸੀਏਸ਼ਨ ਦੇ ਜਨਰਲ ਸਕੱਤਰ ਤੇਜਾ ਸਿੰਘ ਧਾਲੀਵਾਲ, ਸੀਨੀਅਰ ਵਾਈਸ ਪ੍ਰਧਾਨ ਯੁਰਿੰਦਰ ਸਿੰਘ ਹੇਅਰ, ਵਿਜੇ ਚੋਪੜਾ ਅਤੇ ਦਰਸ਼ਨ ਸਿੰਘ ਸੰਧੂ ਨੇ ਕਿਹਾ ਕਿ ਮਿਲਖਾ ਸਿੰਘ ਦੇ ਚਲੇ ਜਾਣ ਨਾਲ ਖੇਡ ਜਗਤ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All