ਖੇਤਰੀ ਪ੍ਰਤੀਨਧ
ਲੁਧਿਆਣਾ, 9 ਮਈ
ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਪਿੰਡ ਜਰਖੜ ਵੱਲੋਂ ਕਰਵਾਏ ਜਾ ਰਹੇ 35ਵੀਆਂ ਜਰਖੜ ਖੇਡਾਂ ਦੀ ਕੜੀ ਦੇ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਦੇ ਦੂਜੇ ਦਿਨ ਹਾਕੀ ਸੈਂਟਰ ਰਾਮਪੁਰ ਛੰਨਾ, ਫਰੈਂਡਜ਼ ਕਲੱਬ ਰੂਮੀ ਅਤੇ ਜਰਖੜ ਹਾਕੀ ਅਕੈਡਮੀ ਨੇ ਜੂਨੀਅਰ ਅਤੇ ਸੀਨੀਅਰ ਵਰਗ ਵਿੱਚ ਆਪਣੇ ਜੇਤੂ ਕਦਮ ਅੱਗੇ ਵਧਾਏ।
ਹਾਕੀ ਫੈਸਟੀਵਲ ਦੇ ਸਬ-ਜੂਨੀਅਰ ਵਰਗ ਅੰਡਰ-12 ਸਾਲ ਦੇ ਪਹਿਲੇ ਮੈਚ ਵਿੱਚ ਹਾਕੀ ਸੈਂਟਰ ਰਾਮਪੁਰ ਛੰਨਾ ਸੰਗਰੂਰ ਨੇ ਕਿਲ੍ਹਾ ਰਾਏਪੁਰ ਹਾਕੀ ਅਕੈਡਮੀ ਨੂੰ 5-0 ਗੋਲਾਂ ਨਾਲ ਹਰਾਇਆ। ਜੇਤੂ ਟੀਮ ਵਲੋਂ ਰਣਬੀਰ ਸਿੰਘ ਨੇ 3, ਜੋਬਨਪ੍ਰੀਤ ਨੇ 2 ਗੋਲ ਕੀਤੇ। ਦੂਜੇ ਸਬ-ਜੂਨੀਅਰ ਵਰਗ ਵਿੱਚ ਜਰਖੜ ਹਾਕੀ ਅਕੈਡਮੀ ਨੇ ਬਾਗੜੀਆਂ ਹਾਕੀ ਸੈਂਟਰ ਸੰਗਰੂਰ ਨੂੰ 10-4 ਗੋਲਾਂ ਨਾਲ ਮਾਤ ਦਿੱਤੀ। ਜੇਤੂ ਟੀਮ ਵੱਲੋਂ ਗੁਰਮਾਨਵਦੀਪ ਸਿੰਘ ਨੇ ਡਬਲ ਹੈਟ੍ਰਿਕ ਜੜਦਿਆਂ ਛੇ ਗੋਲ ਕੀਤੇ ਜਦੋਂਕਿ ਗ਼ਰਜੋਤ, ਮਾਨਵਜੋਤ, ਅੰਕੁਸ ਅਤੇ ਪ੍ਰਭਜੋਤ ਸਿੰਘ ਨੇ ਇੱਕ-ਇੱਕ ਗੋਲ ਕੀਤਾ।
ਸੀਨੀਅਰ ਵਰਗ ਦੇ ਮੈਚਾਂ ਵਿੱਚ ਅੱਜ ਜਰਖੜ ਹਾਕੀ ਅਕੈਡਮੀ ਨੇ ਰੋਪੜ ਇਲੈਵਨ ਨੂੰ 6-4 ਗੋਲਾਂ ਨਾਲ ਹਰਾਇਆ। ਜੇਤੂ ਟੀਮ ਵੱਲੋਂ ਪਰਗਟ ਸਿੰਘ ਨੇ 3, ਜਤਿੰਦਰਪਾਲ ਸਿੰਘ ਗਰੇਵਾਲ, ਲਵਜੀਤ ਅਤੇ ਕਰਮਜੀਤ ਸਿੰਘ ਨੇ 1-1 ਗੋਲ ਕੀਤਾ। ਆਖ਼ਰੀ ਮੈਚ ਵਿੱਚ ਫਰੈਂਡਜ਼ ਕਲੱਬ ਰੂਮੀ ਅਤੇ ਕਿਲਾ ਰਾਏਪਰ ਦੇ ਵਿਚਕਾਰ ਖੇਡਿਆ ਗਿਆ ਮੁਕਾਬਲਾ 6-6 ਗੋਲਾਂ ’ਤੇ ਬਰਾਬਰ ਰਿਹਾ। ਅਖ਼ੀਰ ਪੈਨਲਟੀ ਸ਼ੂਟਆਊਟ ਵਿੱਚ ਰੂਮੀ ਦੀ ਟੀਮ ਜੇਤੂ ਰਹੀ।
ਅੱਜ ਦੇ ਮੈਚਾਂ ਦੌਰਾਨ ਅਮਨਦੀਪ ਕੌਰ ਚਾਹਿਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਨੇ ਮਹਿਮਾਨਾਂ ਨੂੰ ਜੀ ਆਇਆਂ ਆਖਿਆ। ਇਸ ਮੌਕੇ ਅਮਨਦੀਪ ਸਿੰਘ ਮੋਹੀ, ਸੰਦੀਪ ਸ਼ਰਮਾ, ਪ੍ਰਿੰਸੀਪਲ ਪ੍ਰੇਮ ਕੁਮਾਰ, ਸਤਿੰਦਰ ਸ਼ਰਮਾ ਆਦਿ ਹਾਜ਼ਰ ਸਨ। ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਨੇ ਦੱਸਿਆ ਕਿ ਫੈਸਟੀਵਲ ਦੇ ਦੂਸਰੇ ਗੇੜ ਦੇ ਮੁਕਾਬਲੇ 14 ਅਤੇ 15 ਮਈ ਨੂੰ ਖੇਡੇ ਜਾਣਗੇ।