ਖੇਤਰੀ ਪ੍ਰਤੀਨਿਧ
ਲੁਧਿਆਣਾ, 8 ਮਈ
ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਪਿੰਡ ਜਰਖੜ ਵੱਲੋਂ 35ਵੀਆਂ ਜਰਖੜ ਖੇਡਾਂ ਦੀ ਕੜੀ ਦੇ ਹਿੱਸੇ ਵਜੋਂ ਓਲੰਪੀਅਨ ਪ੍ਰਿਥੀਪਾਲ ਹਾਕੀ ਫੈਸਟੀਵਲ ਦਾ ਆਗਾਜ਼ ਅੱਜ ਇੱਥੇ ਜਰਖੜ ਖੇਡ ਸਟੇਡੀਅਮ ਵਿੱਚ ਹੋਇਆ। ਹਲਕਾ ਗਿੱਲ ਦੇ ਵਿਧਾਇਕ ਜੀਵਨ ਸਿੰਘ ਸੰਗੋਵਾਲ ਨੇ ਹਾਕੀ ਲੀਗ ਦਾ ਉਦਘਾਟਨ ਕੀਤਾ।
ਇਸ ਮੌਕੇ ਸ੍ਰੀ ਸੰਗੋਵਾਲ ਨੇ ਆਖਿਆ ਕਿ ਸਰਕਾਰ ਜਰਖੜ ਖੇਡ ਸਟੇਡੀਅਮ ਨੂੰ ਖੇਡਾਂ ਦਾ ਇੱਕ ਅਜੂਬਾ ਬਣਾਏਗੀ। ਇਸ ਮੌਕੇ ਜਰਖੜ ਖੇਡ ਟਰੱਸਟ ਦੇ ਚੇਅਰਮੈਨ ਨਰਿੰਦਰਪਾਲ ਸਿੰਘ ਸਿੱਧੂ, ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ। ਪਹਿਲੇ ਦਿਨ ਖੇਡੇ ਗਏ ਮੁੱਢਲੇ ਗੇੜ ਦੇ ਮੈਚਾਂ ਵਿੱਚ ਸਬ ਜੂਨੀਅਰ ਅੰਡਰ 12 ਸਾਲ ਉਮਰ ਵਰਗ ਵਿੱਚ ਜਟਾਣਾ ਹਾਕੀ ਸੈਂਟਰ ਨੇ ਚਚਰਾੜੀ ਹਾਕੀ ਸੈਂਟਰ ਨੂੰ 5-3 ਗੋਲਾਂ ਨਾਲ ਹਰਾਇਆ। ਜੇਤੂ ਟੀਮ ਵੱਲੋਂ ਜਸ਼ਨਦੀਪ ਸਿੰਘ ਨੇ ਦੋ, ਅਰਮਾਨਦੀਪ ਸਿੰਘ, ਸਾਨੀਆ ਖਾਨ ਅਤੇ ਸਾਹਿਬਜੋਤ ਸਿੰਘ ਨੇ ਇਕ-ਇਕ ਗੋਲ ਕੀਤਾ ਜਦਕਿ ਚਚਰਾੜੀ ਵੱਲੋਂ ਹਰਮਨਦੀਪ ਸਿੰਘ ਨੇ ਦੋ, ਤਨਵੀਰ ਸਿੰਘ ਨੇ ਇਕ ਗੋਲ ਕੀਤਾ। ਸਬ-ਜੂਨੀਅਰ ਵਰਗ ਦੇ ਦੂਸਰੇ ਮੈਚ ਵਿੱਚ ਐੱਚਟੀਸੀ ਹਾਕੀ ਸੈਂਟਰ ਰਾਮਪੁਰ ਨੇ ਏਕ ਨੂਰ ਅਕੈਡਮੀ ਤੇਗ ਨੂੰ 3-1 ਗੋਲਾਂ ਨਾਲ ਹਰਾਇਆ। ਜੇਤੂ ਟੀਮ ਵੱਲੋਂ ਅਨਮੋਲ ਦੀਪ ਸਿੰਘ ਨੇ ਦੋ ਗੋਲ ਅਤੇ ਰਣਜੀਤ ਸਿੰਘ ਨੇ ਇੱਕ ਗੋਲ ਕੀਤਾ ਜਦਕਿ ਏਕ ਨੂਰ ਅਕੈਡਮੀ ਵੱਲੋਂ ਇਕ ਗੋਲ ਮੋਹਿਤ ਨੇ ਕੀਤਾ। ਸੀਨੀਅਰ ਵਰਗ ਵਿੱਚ ਰਾਮਪੁਰ ਹਾਕੀ ਕਲੱਬ ਨੇ ਏਕ ਨੂਰ ਅਕੈਡਮੀ ਤੇਗ ਨੂੰ 10-3 ਗੋਲਾਂ ਨਾਲ ਹਰਾਇਆ।
ਦੂਸਰੇ ਮੁਕਾਬਲੇ ਵਿਚ ਬੈਚਮੇਟ ਕਲੱਬ ਸਾਹਨੇਵਾਲ ਨੇ ਜਟਾਣਾ ਹਾਕੀ ਕਲੱਬ ਨੂੰ 11-5 ਗੋਲਾਂ ਨਾਲ ਕਰਾਰੀ ਮਾਤ ਦਿੱਤੀ। ਜਰਖੜ ਹਾਕੀ ਲੀਗ ਦਾ ਫਾਈਨਲ ਮੈਚ 29 ਮਈ ਨੂੰ ਖੇਡਿਆ ਜਾਵੇਗਾ।