ਸਤਵਿੰਦਰ ਬਸਰਾ
ਲੁਧਿਆਣਾ, 6 ਜੂਨ
ਸਥਾਨਕ ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਜਰਖੜ ਵੱਲੋਂ ਜਰਖੜ ਖੇਡਾਂ ਦੀ ਲੜੀ ਵਜੋਂ ਕਰਵਾਏ ਜਾ ਰਹੇ 12ਵੇਂ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਮੇਲੇ ਦੇ ਫਾਈਨਲ ਮੁਕਾਲਿਆਂ ਵਿੱਚੋਂ ਫਰੈਂਡਜ਼ ਕਲੱਬ ਅਤੇ ਚਚਰਾੜੀ ਹਾਕੀ ਸੈਂਟਰ ਦੀਆਂ ਟੀਮਾਂ ਚੈਂਪੀਅਨ ਬਣੀਆਂ।
ਫਾਈਨਲ ਮੈਚਾਂ ਵਿੱਚੋਂ ਪਹਿਲਾ ਮੈਚ ਫਰਡੈਂਜ਼ ਕਲੱਬ ਰੂਮੀ ਤੇ ਜਰਖੜ ਹਾਕੀ ਅਕੈਡਮੀ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਫਰੈਂਡਜ਼ ਕਲੱਬ ਨੇ ਜਰਖੜ ਅਕੈਡਮੀ ਨੂੰ 5-4 ਅੰਕਾਂ ਨਾਲ ਪਛਾੜ ਦਿੱਤਾ। ਸਬ ਜੂਨੀਅਰ ਵਰਗ ਅੰਡਰ-12 ’ਚ ਰਾਊਂਡ ਗਰਾਸ ਚਚਰਾੜੀ ਸੈਂਟਰ ਨੇ ਨਨਕਾਣਾ ਸਾਹਿਬ ਪਬਲਿਕ ਸਕੂਲ ਰਾਮਪੁਰ ਛੰਨਾਂ ਅਮਰਗੜ੍ਹ ਨੂੰ 2-0 ਗੋਲਾਂ ਦੇ ਫ਼ਰਕ ਨਾਲ ਹਰਾਇਆ। ਚਚਰਾੜੀ ਸੈਂਟਰ ਦੇ ਬਲਰਾਮ ਸਿੰਘ ਨੂੰ ਮੈਨ ਆਫ ਦਾ ਮੈਚ, ਅਰਮਨਦੀਪ ਸਿੰਘ ਨੂੰ ਮੈਨ ਆਫ ਦਾ ਟੂਰਨਾਮੈਂਟ ਐਲਾਨਿਆ ਗਿਆ। ਅਮਰਗੜ੍ਹ ਦੇ ਪਰਮਿੰਦਰ ਸਿੰਘ ਨੂੰ ਵਧੀਆ ਗੋਲਕੀਪਰ, ਜਰਖੜ ਅਕੈਡਮੀ ਦੇ ਗੁਰਮਾਨਵਦੀਪ ਸਿੰਘ ਨੂੰ ਸਰਬੋਤਮ ਸਕੋਰਰ, ਅਮਰਗੜ੍ਹ ਦੀ ਰਮਨਦੀਪ ਕੌਰ ਨੂੰ ਟੂਰਨਾਮੈਂਟ ਦੀ ਸਰਵੋਤਮ ਖਿਡਾਰਨ ਵਜੋਂ ਸਾਈਕਲ, ਬਦਾਮ ਤੇ ਘਿਓ ਦੇ ਕੇ ਸਨਮਾਨਿਆ ਗਿਆ। ਸੀਨੀਅਰ ਵਰਗ ਵਿੱਚੋਂ ਜਰਖੜ ਅਕੈਡਮੀ ਦੇ ਲਵਜੀਤ ਸਿੰਘ ਨੂੰ ਯੰਗ ਪਲੇਅਰ ਤੇ ਰੂਮੀ ਕਲੱਬ ਦੇ ਦੀਪ ਨੂੰ ਮੈਨ ਆਫ ਦਾ ਟੂਰਨਾਮੈਂਟ, ਅਨਮੋਲ ਨੂੰ ਵਧੀਆ ਗੋਲਕੀਪਰ ਵਜੋਂ ਸਾਈਕਲ ਦੇ ਕੇ ਸਨਮਾਨਿਆ ਗਿਆ।
ਚੈਂਪੀਅਨ ਟੀਮ ਨੂੰ 25 ਹਜ਼ਾਰ ਰੁਪਏ ਦੀ ਨਗਦ ਰਕਮ ਜਦੋਂਕਿ ਉਪ ਜੇਤੂ ਟੀਮ ਨੂੰ 18 ਹਜ਼ਾਰ ਰੁਪਏ ਦੀ ਇਨਾਮੀ ਰਕਮ ਨਾਲ ਸਨਮਾਨਿਆ ਗਿਆ। ਇਸ ਦੌਰਾਨ ਚਾਰ ਵਿਧਾਇਕਾਂ ਗੁਰਮੀਤ ਸਿੰਘ ਖੁੱਡੀਆਂ, ਜੀਵਨ ਸਿੰਘ ਸੰਗੋਵਾਲ, ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਅਤੇ ਰਜਿੰਦਰਪਾਲ ਕੌਰ ਛੀਨਾ ਦਾ ਵੀ ਸਨਮਾਨ ਕੀਤਾ ਗਿਆ। ਕੌਮੀ ਮੁੱਕੇਬਾਜ਼ ਚੈਂਪੀਅਨਸ਼ਿਪ ਜੇਤੂ ਚਕਰ ਦੀ ਸਵਰੀਤ ਕੌਰ ਦਾ ਵੀ ਸਨਮਾਨ ਕੀਤਾ ਗਿਆ। ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਨੇ ਆਏ ਪਤਵੰਤਿਆਂ ਦਾ ਧੰਨਵਾਦ ਕੀਤਾ।