ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 24 ਅਗਸਤ
ਇੱਥੇ ਇੱਕ ਸੁਨਿਆਰੇ ਦੀ ਦੁਕਾਨ ਵਿੱਚੋਂ ਚੋਰਾਂ ਨੇ ਲੱਖਾਂ ਰੁਪਏ ਦੇ ਗਹਿਣੇ ਚੋਰੀ ਕਰ ਲਏ। ਜਾਣਕਾਰੀ ਅਨੁਸਾਰ ਦੁਕਾਨ ਮਾਲਕ ਨੂੰ ਘਟਨਾ ਦਾ ਪਤਾ ਉਦੋਂ ਲੱਗਿਆ ਜਦੋਂ ਉਸ ਨੇ ਕੈਮਰੇ ਚੈੱਕ ਕਰਨ ਲਈ ਮੋਬਾਈਲ ਦੇਖਿਆ ਪਰ ਕੈਮਰੇ ਬੰਦ ਸਨ। ਇਸ ਮਗਰੋਂ ਉਹ ਤੁਰੰਤ ਦੁਕਾਨ ’ਤੇ ਪੁੱਜਿਆ, ਜਿੱਥੇ ਚੋਰੀ ਦੀ ਘਟਨਾ ਬਾਰੇ ਪਤਾ ਲੱਗਿਆ।
ਸੁਨਿਆਰੇ ਨੇ ਤੁਰੰਤ ਇਸ ਬਾਰੇ ਪੁਲੀਸ ਨੂੰ ਸੂਚਿਤ ਕੀਤਾ। ਮੌਕੇ ’ਤੇ ਪੁੱਜੇ ਏਸੀਪੀ ਪੂਰਬੀ ਗੁਰਦੇਵ ਸਿੰਘ ਤੇ ਥਾਣਾ ਡਵੀਜ਼ਨ ਨੰਬਰ 7 ਦੀ ਪੁਲੀਸ ਨੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।ਰਾਜੂ ਜਿਊਲਰਜ਼ ਦੇ ਮਾਲਕ ਸੁਖਜੀਤ ਸਿੰਘ ਨੇ ਦੱਸਿਆ ਕਿ ਚੋਰ ਛੱਤ ਰਾਹੀਂ ਦੁਕਾਨ ਵਿੱਚ ਦਾਖ਼ਲ ਹੋਏ ਅਤੇ ਉਨ੍ਹਾਂ ਗੈਸ ਕਟਰ ਦੀ ਮਦਦ ਨਾਲ ਦਰਵਾਜ਼ਾ ਖੋਲ੍ਹਿਆ ਅਤੇ ਗਹਿਣੇ ਚੋਰੀ ਕਰਨ ਮਗਰੋਂ ਮੌਕੇ ਤੋਂ ਫਰਾਰ ਹੋ ਗਏ। ਉਸ ਨੇ ਦੱਸਿਆ ਕਿ ਸਵੇਰੇ ਉਸ ਨੇ ਜਦੋਂ ਮੋਬਾਈਲ ਚੈੱਕ ਕੀਤਾ ਤਾਂ ਕੈਮਰੇ ਬੰਦ ਸੀ ਪਰ ਦੁਕਾਨ ’ਤੇ ਪੁੱਜਣ ਮਗਰੋਂ ਚੋਰੀ ਦਾ ਘਟਨਾ ਦਾ ਖੁਲਾਸਾ ਹੋਇਆ। ਸੁਖਜੀਤ ਅਨੁਸਾਰ ਦੁਕਾਨ ਵਿੱਚੋਂ ਕਰੀਬ 20 ਤੋਂ 25 ਲੱਖ ਰੁਪਏ ਦੇ ਗਹਿਣੇ ਚੋਰੀ ਹੋਏ ਹਨ। ਉਸ ਨੇ ਦੱਸਿਆ ਕਿ ਮੁਲਜ਼ਮ ਦੁਕਾਨ ’ਚ ਲੱਗਾ ਵਾਈਫਾਈ ਸਿਸਟਮ ਦੇ ਨਾਲ ਡੀਵੀਆਰ ਵੀ ਲੈ ਗਏ।
ਸੁਖਜੀਤ ਨੇ ਦੱਸਿਆ ਕਿ ਦੁਕਾਨ ਦੇ ਬਾਹਰ ਪੂਰੇ ਮੁਹੱਲੇ ਦੀਆਂ ਸਟਰੀਟ ਲਾਈਟਾਂ ਦਾ ਬਾਕਸ ਲੱਗਿਆ ਹੈ। ਮੁਲਜ਼ਮਾਂ ਨੇ ਦੇਰ ਰਾਤ ਕਰੀਬ 2 ਵਜੇ ਉਹ ਬਾਕਸ ਦੇ ਰਾਹੀਂ ਲਾਈਟ ਬੰਦ ਕਰ ਦਿੱਤੀ, ਜਿਸ ਨਾਲ ਹਨ੍ਹੇਰਾ ਹੋ ਗਿਆ ਤੇ ਮੁਲਜ਼ਮ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ’ਚ ਕਾਮਯਾਬ ਹੋ ਗਏ।
ਮਾਮਲੇ ਦੀ ਜਾਂਚ ਕਰਨ ਲਈ ਪੁੱਜੇ ਏਸੀਪੀ ਗੁਰਦੇਵ ਸਿੰਘ ਨੇ ਦੱਸਿਆ ਕਿ ਜਾਂਚ ਜਾਰੀ ਹੈ ਅਤੇ ਜਲਦੀ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।