ਸੰਤੋਖ ਗਿੱਲ
ਗੁਰੂਸਰ ਸੁਧਾਰ, 2 ਫਰਵਰੀ
ਵਿਧਾਨ ਸਭਾ ਹਲਕਾ ਰਾਏਕੋਟ ਵਿਚ ਕੈਮੀਕਲ ਫ਼ੈਕਟਰੀ ਵੱਲੋਂ ਧਰਤੀ ਹੇਠਲਾ ਪਾਣੀ ਪਲੀਤ ਕਰਨ ਦਾ ਮਾਮਲਾ ਵਿਧਾਨ ਸਭਾ ਚੋਣ ਵਿਚ ਕੇਂਦਰ ਬਿੰਦੂ ਬਣ ਕੇ ਉੱਭਰਿਆ ਹੈ। ਸੀਟੂ ਨਾਲ ਸਬੰਧਤ ਟਰੇਡ ਯੂਨੀਅਨਾਂ ਨੇ ਇਸ ਬਾਰੇ ਹਲਕੇ ਦੇ ਪਿੰਡਾਂ ਵਿਚ ਜਥਾ ਮਾਰਚ ਆਰੰਭ ਦਿੱਤਾ ਹੈ ਅਤੇ ਘਰ-ਘਰ ਪਰਚੇ ਵੰਡੇ ਜਾ ਰਹੇ ਹਨ। ਪਿੰਡ ਰਾਮਗੜ੍ਹ ਸਿਵੀਆ ਤੋਂ ਸ਼ੁਰੂ ਕੀਤੀ ਮੁਹਿੰਮ ਨੂੰ ਪਹਿਲੇ ਦਿਨ ਹੀ ਜਬਰਦਸਤ ਹੁੰਗਾਰਾ ਮਿਲਿਆ। ਰਾਏਕੋਟ ਸ਼ਹਿਰ ਨਾਲ ਲਗਦੇ ਦਰਜਨਾਂ ਪਿੰਡਾਂ ਦੇ ਲੋਕ, ਇਸ ਤੋਂ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਬਣਿਆ ਹੋਇਆ ਹੈ। ਧਰਤੀ ਹੇਠਲਾ ਪਾਣੀ ਪਲੀਤ ਹੋਣ ਕਾਰਨ ਚਮੜੀ ਅਤੇ ਸਾਹ ਰੋਗਾਂ ਤੋਂ ਇਲਾਵਾ ਕੈਂਸਰ ਵਰਗੀ ਭਿਆਨਕ ਬਿਮਾਰੀ ਦਾ ਖ਼ੌਫ਼ ਚੋਣਾਂ ਦੌਰਾਨ ਪਿੰਡਾਂ ਵਿਚ ਇਕ ਭਖਦਾ ਮੁੱਦਾ ਬਣ ਗਿਆ ਹੈ। ਲਾਲ ਝੰਡਾ ਮਨਰੇਗਾ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਪ੍ਰਕਾਸ਼ ਸਿੰਘ ਬਰ੍ਹਮੀ ਦੀ ਅਗਵਾਈ ਹੇਠ ਸ਼ੁਰੂ ਕੀਤੇ ਜਥਾ ਮਾਰਚ ਦੌਰਾਨ ਸਾਥੀਆਂ ਨੇ ਹਰ ਘਰ ਦਾ ਦਰਵਾਜ਼ਾ ਖੜਕਾ ਕੇ ਪਰਚੇ ਵੰਡੇ। ਇਨ੍ਹਾਂ ਪਰਚਿਆਂ ਵਿਚ ਕੈਮੀਕਲ ਫ਼ੈਕਟਰੀ ਦੇ ਨਾਲ-ਨਾਲ ਕਰੋਨਾ ਮਹਾਮਾਰੀ ਦੌਰਾਨ ਗ਼ਰੀਬ ਲੋਕਾਂ ਲਈ ਆਏ ਸਰਕਾਰੀ ਰਾਸ਼ਨ ਵਿਚ ਘਪਲੇਬਾਜ਼ੀ, ਮਜ਼ਦੂਰ ਆਗੂਆਂ ਉੱਪਰ ਝੂਠੇ ਪੁਲੀਸ ਕੇਸ ਦਰਜ ਕਰਾਉਣ, ਸ਼ਹਿਰ ਦੇ ਵਿਕਾਸ ਕਾਰਜਾਂ ਵਿਚ ਹੋਏ ਘਪਲਿਆਂ ਸਮੇਤ ਹੋਰ ਮੁੱਦੇ ਵੀ ਉਭਾਰੇ ਹਨ। ਸੀਟੂ ਦੇ ਸੂਬਾ ਸਕੱਤਰ ਦਲਜੀਤ ਕੁਮਾਰ ਗੋਰਾ ਨੇ ਕਿਹਾ ਕਿ ਜੇਕਰ ਧਰਤੀ ਹੇਠਲਾ ਪਾਣੀ ਇਸੇ ਤਰ੍ਹਾਂ ਪਲੀਤ ਹੋਣਾ ਜਾਰੀ ਰਿਹਾ ਤਾਂ ਸਾਡੇ ਇਲਾਕੇ ਤੋਂ ਵੀ ਕੈਂਸਰ ਰੋਗੀਆਂ ਦੀ ਰੇਲ ਬੀਕਾਨੇਰ ਜਾਣੀ ਸ਼ੁਰੂ ਹੋ ਜਾਵੇਗੀ। ਇਸ ਮੌਕੇ ਕਰਮਜੀਤ ਸਿੰਘ ਸਨੀ, ਜਰਨੈਲ ਸਿੰਘ ਹਲਵਾਰਾ, ਬਹਾਦਰ ਸਿੰਘ ਨੂਰਪੁਰਾ ਸਮੇਤ ਹੋਰ ਸੀਟੂ ਆਗੂਆਂ ਨੇ ਵੀ ਸੰਬੋਧਨ ਕੀਤਾ।