ਸਤਵਿੰਦਰ ਬਸਰਾ
ਲੁਧਿਆਣਾ, 23 ਜਨਵਰੀ
ਇਸ ਵਾਰ ਜਨਵਰੀ ਮਹੀਨੇ ਰਿਕਾਰਡ 116 ਐਮਐਮ ਮੀਂਹ ਪਿਆ। ਇਸ ਤੋਂ ਪਹਿਲਾਂ ਜਨਵਰੀ ਮਹੀਨੇ ਵਿੱਚ ਔਸਤਨ ਮੀਂਹ 28 ਐਮਐਮ ਤੱਕ ਦਰਜ ਕੀਤਾ ਜਾਂਦਾ ਰਿਹਾ ਹੈ। ਪੀਏਯੂ ਦੇ ਮੌਸਮ ਵਿਭਾਗ ਦੀ ਮਾਇਰ ਡਾ. ਕੇ ਕੇ ਗਿੱਲ ਅਨੁਸਾਰ ਸੋਮਵਾਰ ਧੁੰਦ ਪੈ ਸਕਦੀ ਹੈ ਜਦਕਿ ਮੰਗਲਵਾਰ ਨੂੂੰ ਮੌਸਮ ਸਾਫ ਰਹਿਣ ਦੀ ਸੰਭਾਵਨਾ ਹੈ।
ਪਹਿਲਾਂ ਪੰਦਰਾਂ ਦਿਨ ਸੂਰਜ ਦਿਖਾਈ ਨਾ ਦੇਣ ਅਤੇ ਹੁਣ ਸ਼ਨਿੱਚਰਵਾਰ ਤੋਂ ਰੁਕ ਰੁਕ ਕੇ ਪੈਂਦੇ ਮੀਂਹ ਨੇ ਲੁਧਿਆਣਵੀਆਂ ਨੂੰ ਪੂਰੀ ਤਰ੍ਹਾਂ ਪ੍ਰੇਸ਼ਾਨ ਕੀਤਾ ਹੋਇਆ ਹੈ। ਐਤਵਾਰ ਸਾਰਾ ਦਿਨ ਹੌਲੀ ਹੌਲੀ ਪੈਂਦੇ ਰਹੇ ਮੀਂਹ ਕਾਰਨ ਆਮ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ। ਇਸ ਠੰਢ ਕਾਰਨ ਜਿੱਥੇ ਲੋਕ ਕਈ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ ਉੱਥੇ ਕਈਆਂ ਨੂੰ ਆਪਣੇ ਜ਼ਰੂਰੀ ਕੰਮ ਨਿਪਟਾਉਣ ਲਈ ਤਰ੍ਹਾਂ ਤਰ੍ਹਾਂ ਦੇ ਸਹਾਰੇ ਲੱਭਣੇ ਪੈ ਰਹੇ ਹਨ। ਪੀਏਯੂ ਦੇ ਮੌਸਮ ਮਾਹਿਰ ਡਾ. ਗਿੱਲ ਨੇ ਦੱਸਿਆ ਕਿ ਰਿਕਾਰਡ ਅਨੁਸਾਰ ਪਿਛਲੇ 50 ਸਾਲਾਂ ਵਿੱਚ ਜਨਵਰੀ ਮਹੀਨੇ ਇੰਨਾ ਮੀਂਹ ਨਹੀਂ ਪਿਆ। ਜਨਵਰੀ ਮਹੀਨੇ ਵਿੱਚ ਔਸਤਨ ਮੀਂਹ 28 ਐਮਐਮ ਦਰਜ ਕੀਤਾ ਗਿਆ ਹੈ। ਇਸ ਵਾਰ ਹੁਣ ਤੱਕ 116 ਐਮਐਮ ਮੀਂਹ ਪੈ ਚੁੱਕਾ ਹੈ ਜਿਸ ਨੂੰ ਇੱਕ ਰਿਕਾਰਡ ਹੀ ਮੰਨਿਆ ਜਾ ਸਕਦਾ ਹੈ। ਇਸ ਵਿੱਚੋਂ 16 ਐਮਐਮ ਮੀਂਹ ਤਾਂ ਸ਼ਨਿੱਚਰਵਾਰ ਅਤੇ ਐਤਵਾਰ ਦੋ ਦਿਨਾਂ ਵਿੱਚ ਹੀ ਪਿਆ ਹੈ। ਉਨ੍ਹਾਂ ਦੱਸਿਆ ਕਿ ਅਜਿਹਾ ਮੌਸਮ ਮਨੁੱਖੀ ਜੀਵਨ ਦੇ ਨਾਲ ਨਾਲ ਕਣਕ ਦੀ ਫਸਲ ਲਈ ਵੀ ਨੁਕਸਾਨਦਾਇਕ ਹੈ। ਉਨ੍ਹਾਂ ਕਿਹਾ ਕਿ ਸੋਮਵਾਰ ਨੂੰ ਧੁੰਦ ਰਹਿ ਸਕਦੀ ਹੈ ਜਦਕਿ ਮੰਗਲਵਾਰ ਨੂੰ ਮੌਸਮ ਸਾਫ ਰਹੇਗਾ। ਦੂਜੇ ਪਾਸੇ ਇਸ ਮੌਸਮ ਕਾਰਨ ਆਮ ਜਨ-ਜੀਵਨ ਪ੍ਰਭਾਵਿਤ ਹੋਇਆ ਹੈ। ਸੜਕਾਂ ਦੀ ਹਾਲਤ ਖਸਤਾ ਹੋਈ ਹੈ, ਦੋ ਪਹੀਆ ਚਾਲਕਾਂ ਅਤੇ ਪੈਦਲ ਯਾਤਰੀਆਂ ਨੂੰ ਵੱਧ ਪ੍ਰੇਸ਼ਾਨੀ ਝੱਲਣੀ ਪਈ ਹੈ।
ਤਾਰਾਂ ਟੁੱਟਣ ਕਾਰਨ ਬਿਜਲੀ ਸਪਲਾਈ ਠੱਪ
ਪਾਇਲ (ਦੇਵਿੰਦਰ ਜੱਗੀ): ਇਥੇ ਲੰਘੀ ਰਾਤ ਮੀਂਹ ਨਾਲ ਆਏ ਤੇਜ਼ ਝੱਖੜ ਕਾਰਨ ਸਿਵਲ ਹਸਪਤਾਲ ਦੇ ਮੂਹਰੇ ਗੇਟ ਕੋਲ ਬੋਹੜ ਦਾ ਦਰੱਖਤ ਡਿੱਗ ਗਿਆ ਜਿਸ ਕਾਰਨ ਬਿਜਲੀ ਦੀਆਂ ਤਾਰਾਂ ਟੁੱਟ ਗਈਆਂ ਤੇ ਸਾਰੀ ਰਾਤ ਬਿਜਲੀ ਸਪਲਾਈ ਬੰਦ ਰਹੀ ਅਤੇ ਉਥੋਂ ਲੰਘਣ ਵਾਲੇ ਵਾਹਨ ਚਾਲਕਾਂ ਨੂੰ ਵੀ ਭਾਰੀ ਪ੍ਰੇਸ਼ਾਨੀ ਆਈ। ਇਸ ਤੋਂ ਇਲਾਵਾ ਫਸਲਾਂ ਦਾ ਵੀ ਭਾਰੀ ਨੁਕਸਾਨ ਹੋ ਗਿਆ ਹੈ। ਤੇਜ਼ ਝੱਖੜ ਕਾਰਨ ਸੜਕਾਂ ਦੇ ਆਲੇ ਦੁਆਲੇ ਖੜ੍ਹੇ ਦਰੱਖਤਾਂ ਦੇ ਡਿੱਗਣ ਕਾਰਨ ਆਮ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਤੇ ਰਾਹਗੀਰਾਂ ਨੂੰ ਵੀ ਵਾਹਨ ਲੰਘਾਉਣ ਸਮੇਂ ਕਾਫੀ ਦਿੱਕਤਾਂ ਆਈਆਂ। ਅਲੂਣਾ ਤੋਲਾ ਦੇ ਕਿਸਾਨ ਹਰਵਿੰਦਰ ਸਿੰਘ ਚੀਮਾ ਅਤੇ ਮਨਪ੍ਰੀਤ ਸਿੰਘ ਗੋਲਡੀ ਨੇ ਦੱਸਿਆ ਕਿ ਇਸ ਬਾਰਸ਼ ਨਾਲ ਆਲੂ ਉਤਪਾਦਕਾਂ ਨੂੰ ਵੱਡਾ ਘਾਟਾ ਹੈ ਕਿਉਂਕਿ ਮੀਂਹ ਦਾ ਪਾਣੀ ਖੜ੍ਹਨ ਨਾਲ ਆਲੂ ਵੱਟਾਂ ਵਿੱਚ ਹੀ ਗਲਣਾ ਸ਼ੁਰੂ ਹੋ ਗਿਆ ਹੈ ਅਤੇ ਮੀਂਹ ਕਾਰਨ ਕਣਕ ਦੀ ਫਸਲ ਨੂੰ ਪੀਲੀ ਕੁੰਗੀ ਪੈਣ ਦਾ ਖਦਸ਼ਾ ਬਣਿਆ ਹੋਇਆ ਹੈ ਕਿਉਂਕਿ ਕਣਕ ਵਾਲੀ ਜ਼ਮੀਨ ਨੂੰ ਧੁੱਪ ਲੱਗਣੀ ਜ਼ਰੂਰੀ ਹੈ। ਕਿਸਾਨ ਆਗੂਆਂ ਪਰਮਵੀਰ ਸਿੰਘ ਘਲੋਟੀ ਨੇ ਕਿਸਾਨਾਂ ਦੀਆਂ ਫਸਲਾਂ ਦੇ ਹੋਏ ਨੁਕਸਾਨ ਦੀ ਭਰਪਾਈ ਕਰਨ ਦੀ ਮੰਗ ਕੀਤੀ ਹੈ।