ਖੇਤਰੀ ਪ੍ਰਤੀਨਿਧ
ਲੁਧਿਆਣਾ, 18 ਅਗਸਤ
ਸਪਰਿੰਗ ਡੇਲ ਪਬਲਿਕ ਸਕੂਲ ਵਿੱਚ ਜਨਮ ਅਸ਼ਟਮੀ ਮੌਕੇ ਜਮਾਤ ਕੇ-1ਤੋਂ ਕੇ-3 ਤੱਕ ਦੇ ਬੱਚਿਆਂ ਲਈ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਛੋਟੇ ਛੋਟੇ ਬੱਚੇ ਰਾਧਾ ਅਤੇ ਕ੍ਰਿਸ਼ਨ ਦੇ ਰੂਪ ਵਿੱਚ ਸਜੇ ਹੋਏ ਸਨ। ਇਸ ਮੌਕੇ ਰਾਧਾ-ਕ੍ਰਿਸ਼ਨ ਦੇ ਸੁੰਦਰ ਪੋਸਟਰ ਵੀ ਬਣਾਏ ਗਏ, ਬੱਚਿਆਂ ਨੂੰ ਸਮਾਰਟ ਕਲਾਸ ’ਤੇ ਸ਼੍ਰੀ ਕ੍ਰਿਸ਼ਨ ਲੀਲਾਵਾਂ ਦੀ ਇੱਕ ਵੀਡੀਓ ਵੀ ਦਿਖਾਈ ਗਈ। ਇਨ੍ਹਾਂ ਬੱਚਿਆਂ ਵੱਲੋਂ ਜਿੱਥੇ ਭਜਨ ਗਾਏ ਉੱਥੇ ਡਾਂਸ ਕਰਕੇ ਸਾਰਿਆਂ ਦਾ ਮਨ ਮੋਹ ਲਿਆ। ਸਕੂਲ ਦੀ ਚੇਅਰਪਰਸਨ, ਡਾਇਰੈਕਟਰਾਂ ਮਨਦੀਪ ਵਾਲੀਆ, ਕਮਲਪ੍ਰੀਤ ਕੌਰ ਅਤੇ ਪ੍ਰਿੰਸੀਪਲ ਅਨਿਲ ਕੁਮਾਰ ਸ਼ਰਮਾ ਨੇ ਸਮੂਹ ਵਿਦਿਆਰਥੀਆਂ, ਅਧਿਆਪਕਾਂ ਨੂੰ ਜਨਮ ਅਸ਼ਟਮੀ ਦੀ ਵਧਾਈ ਦਿੱਤੀ। ਉਨ੍ਹਾਂ ਨੇ ਵਧੀਆ ਪੇਸ਼ਕਾਰੀ ਕਰਨ ਵਾਲੇ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ।
ਖੰਨਾ (ਨਿੱਜੀ ਪੱਤਰ ਪ੍ਰੇਰਕ): ਇਥੋਂ ਦੇ ਨੇੜਲੇ ਪਿੰਡ ਰਾਜੇਵਾਲ ਵਿੱਚ ਭਗਤ ਪੂਰਨ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਵਿੱਚ ਜਨਮ ਅਸ਼ਟਮੀ ਦਾ ਤਿਉਹਾਰ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਅਧਿਆਪਕ ਜਸਪ੍ਰੀਤ ਕੌਰ ਅਤੇ 12ਵੀਂ ਦੇ ਵਿਦਿਆਰਥੀ ਅੰਕੇਸ਼ ਮਹਾਜਨ ਨੇ ਜਨਮ ਅਸ਼ਟਮੀ ਦੇ ਤਿਉਹਾਰ ਦੀ ਅਹਿਮੀਅਤ, ਇਸ ਨੂੰ ਮਨਾਉਣ ਦੇ ਕਾਰਨ ਅਤੇ ਤਰੀਕਿਆਂ ਸਬੰਧੀ ਵਿਸਥਾਰ ਪੂਰਵਕ ਜਾਣੂ ਕਰਵਾਇਆ। ਵਿਦਿਆਰਥੀਆਂ ਨੇ ਵੱਖੋਂ ਵੱਖ ਰੰਗਾਰੰਗ ਪ੍ਰੋਗਰਾਮ, ਫੈਂਸੀ ਡੈਸ ਮੁਕਾਬਲੇ, ਰਾਮ ਲੀਲਾ, ਭਾਸ਼ਣ ਮੁਕਾਬਲੇ ਆਦਿ ਵਿਚ ਹਿੱਸਾ ਲਿਆ। ਪਿੰ੍ਰਸੀਪਲ ਅਲਪਨਾ ਮਹਾਜਨ ਨੇ ਵਿਦਿਆਰਥੀਆਂ ਦੀ ਹੌਂਸਲਾ ਅਫਜਾਈ ਕਰਦਿਆਂ ਤਿਉਹਾਰ ਦੇ ਮਹੱਤਵ ਅਤੇ ਕ੍ਰਿਸ਼ਨ ਜੀ ਦੇ ਜੀਵਨ ਸਬੰਧੀ ਚਾਨਣਾ ਪਾਇਆ। ਸਕੂਲ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਨੇ ਵਿਦਿਆਰਥੀਆਂ ਅਤੇ ਸਕੂਲ ਸਟਾਫ ਨੂੰ ਵਧਾਈ ਦਿੱਤੀ।
ਪਾਇਲ (ਪੱਤਰ ਪ੍ਰੇਰਕ): ਭਗਵਾਨ ਬਾਲ ਕ੍ਰਿਸ਼ਨ ਦੇ ਜਨਮ ਅਸ਼ਟਮੀ ਦੇ ਤਿਉਹਾਰ ਨੂੰ ਬ੍ਰਿਟਿਸ਼ ਕਾਨਵੈਂਟ ਸਕੂਲ ਫ਼ਤਹਿਪੁਰ ਵਿੱਚ ਚੇਅਰਮੈਨ ਜੇਪੀਐੱਸ ਜੌਲੀ ਤੇ ਸਤਿੰਦਰਜੀਤ ਕੌਰ ਜੌਲੀ ਦੀ ਦੇਖ-ਰੇਖ ਹੇਠ ਮਨਾਇਆ ਗਿਆ।
ਸਕੂਲੀ ਬੱਚਿਆਂ ਨੇ ਜਨਮ ਅਸ਼ਟਮੀ ਨਾਲ ਸਬੰਧਿਤ ਪੋਸਟਰ, ਚਾਰਟ ਬਣਾ ਕੇ ਭਗਵਾਨ ਬਾਲ ਕ੍ਰਿਸ਼ਨ ਦੀ ਝਾਕੀਆਂ ਵੀ ਪੇਸ਼ ਕੀਤੀਆਂ। ਸਕੂਲ ਮੁਖੀ ਗਗਨਪ੍ਰੀਤ ਕੌਰ ਗਿੱਲ ਨੇ ਕਿਹਾ ਕਿ ਇਹੋ ਜਿਹੇ ਪ੍ਰੋਗਰਾਮ ਹਿੰਦੂ-ਸਿੱਖ ਏਕਤਾ ਨੂੰ ਹੋਰ ਵਧੇਰੇ ਮਜ਼ਬੂਤ ਕਰਦੇ ਹਨ। ਇਸ ਮੌਕੇ ਸਕੂਲ ਸਟਾਫ਼ ਸਮੇਤ ਵਿਦਿਆਰਥੀ ਹਾਜ਼ਰ ਸਨ।