ਮਹੇਸ਼ ਸ਼ਰਮਾ
ਮੰਡੀ ਅਹਿਮਦਗੜ੍ਹ, 25 ਦਸੰਬਰ
ਆਮ ਆਦਮੀ ਪਾਰਟੀ ਦੇ ਵਪਾਰੀ ਵਿੰਗ ਦੀ ਸੂਬਾ ਕਮੇਟੀ ਵੱਲੋਂ ਸ਼ਹਿਰ ਦੀ ਹੱਦ ਨਾਲ ਲੱਗਦੇ ਪਿੰਡ ਜੰਡਾਲੀ ਖੁਰਦ ਵਿੱਚ ਸਨਅਤਕਾਰਾਂ ਅਤੇ ਵਪਾਰੀਆਂ ਦੀ ਮਿਲਣੀ ਕਰਵਾਈ ਗਈ। ਹਲਕਾ ਅਮਰਗੜ੍ਹ ਦੇ ਸੰਭਾਵੀ ‘ਆਪ’ ਉਮੀਦਵਾਰ ਜਸਵੰਤ ਸਿੰਘ ਗੱਜਨਮਾਜਰਾ ਦੀ ਸਰਪ੍ਰਸਤੀ ਵਿੱਚ ਕਰਵਾਏ ਗਏ ਸਮਾਗਮ ਦੀ ਪ੍ਰਧਾਨਗੀ ਵਪਾਰ ਵਿੰਗ ਦੇ ਰਮਨ ਮਿੱਤਲ ਨੇ ਕੀਤੀ। ਇਸ ਮੌਕੇ ਦਿੱਲੀ ਸਰਕਾਰ ਦੇ ਕੈਬਨਿਟ ਮੰਤਰੀ ਸਤੇਂਦਰ ਜੈਨ ਮੁੱਖ ਮਹਿਮਾਨ ਸਨ। ਪ੍ਰੇਮ ਕਾਂਸਲ, ਮੇਘਰਾਜ ਵਿਨਾਇਕ, ਸੰਜੀਵ ਸ਼ਰਮਾ ਅਤੇ ਰੋਮੀ ਢੰਡ ਦੀ ਅਗਵਾਈ ਵਿੱਚ ਇਲਾਕੇ ਦੇ ਸਨਅਤਕਾਰਾਂ ਤੇ ਵਪਾਰੀਆਂ ਵੱਲੋਂ ਦੱਸੀਆਂ ਗਈਆਂ ਸਮੱਸਿਆਵਾਂ ਦੇ ਹਵਾਲੇ ਨਾਲ ਕੈਬਨਿਟ ਮੰਤਰੀ ਸਤਿੰਦਰ ਜੈਨ ਨੇ ਅਫ਼ਸੋਸ ਪ੍ਰਗਟ ਕੀਤਾ ਕਿ ਪੰਜਾਬ ਦੀਆਂ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਇੱਥੋਂ ਦੇ ਨੌਜਵਾਨ ਮਜ਼ਬੂਰੀ ਵਿੱਚ ਵਿਦੇਸ਼ਾਂ ਵਿੱਚ ਜਾ ਕੇ ਮਜ਼ਦੂਰੀਆਂ ਕਰ ਰਹੇ ਹਨ। ਸ੍ਰੀ ਜੈਨ ਨੇ ਦਾਅਵਾ ਕੀਤਾ ਕੀਤਾ ਕਿ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿੱਚ ਸਰਕਾਰ ਦਾ ਗਠਨ ਹੋਣ ਤੋਂ ਬਾਅਦ ਸੂਬੇ ਵਿੱਚੋਂ ਕੁਰੱਪਸ਼ਨ ਬਿਲਕੁਲ ਬੰਦ ਕਰਨ ਲਈ ਵਪਾਰੀਆਂ ਦੀਆਂ ਸਾਰੀਆਂ ਸਹੂਲਤਾਂ ਲਈ ਆਨਲਾਈਨ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ ਅਤੇ ਭ੍ਰਿਸ਼ਟਾਚਾਰ ਦਾ ਅੱਡਾ ਬਣ ਚੁੱਕੇ ਸਰਕਾਰੀ ਦਫ਼ਤਰ ਬੰਦ ਕਰ ਦਿੱਤੇ ਜਾਣਗੇ।