ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 26 ਫਰਵਰੀ
ਫੱਗਣ ਮਹੀਨੇ ਇਥੇ ਹਰ ਸਾਲ ਲੱਗਣ ਵਾਲਾ ਮਾਲਵੇ ਦਾ ਪ੍ਰਸਿੱਧ ਰੌਸ਼ਨੀ ਮੇਲਾ ਅੱਜ ਸਮਾਪਤ ਹੋ ਗਿਆ। ਮੇਲੇ ਕਰਕੇ ਪਹੁੰਚੇ ਚੰਡੋਲ, ਝੂਲੇ ਤੇ ਮਨੋਰੰਜਨ ਦੇ ਹੋਰ ਸਾਧਨ ਭਾਵੇਂ ਅਗਲੇ ਇਕ ਹਫ਼ਤੇ ਤੱਕ ਇਥੇ ਚੱਲਦੇ ਰਹਿਣਗੇ ਪਰ ਚੱਲੀ ਆ ਰਹੀ ਧਾਰਮਿਕ ਰੀਤ ਅਨੁਸਾਰ ਤਿੰਨ ਦਿਨ ਚੌਂਕੀਆਂ ਭਰਨ ਦੀ ਅੱਜ ਸਮਾਪਤੀ ਹੋ ਗਈ। ਤਿੰਨ ਦਿਨ ਪੰਜਾਬ ਦੇ ਹਰ ਕੋਨੇ ਤੋਂ ਆਈ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਨੇ ਚੌਂਕੀਆਂ ਭਰੀਆਂ। ਆਖਰੀ ਦਿਨ ਅੱਜ ਪੀਰ ਬਾਬਾ ਮੋਹਕਮਦੀਨ ਦੀ ਦਰਗਾਹ ’ਤੇ ਵੱਡੀ ਗਿਣਤੀ ਸ਼ਰਧਾਲੂਆਂ ਨੇ ਸਿਜਦਾ ਕੀਤਾ। ਇਸ ਮੌਕੇ ਕੁੱਲਾ ਦੀ ਰਸਮ ਅਦਾ ਕਰਨ ਮਗਰੋਂ ਬਾਬਾ ਮੋਹਕਮਦੀਨ ਦਰਗਾਹ ਅਲੀ ਬੱਲਾ ਵਿੱਚ ਦੁਆ ਕੀਤੀ ਗਈ ਅਤੇ ਤਿੰਨ ਦਿਨਾਂ ਦੌਰਾਨ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ। ਦੂਜੇ ਪਾਸੇ ਰੋਸ਼ਨੀ ਮੇਲੇ ਵਿੱਚ ਅੱਜ ਵੀ ਖੂਬ ਰੌਣਕਾਂ ਰਹੀਆਂ।